ਰਸੋਈ ਦਾ ਬਜਟ ਸੰਭਾਲ ਰਹੇ ਹਨ ਆਲੂ-ਟਮਾਟਰ, ਵਿਗਾੜ ਰਹੇ ਹਨ ਖਾਣ ਵਾਲੇ ਤੇਲ
Wednesday, Jul 28, 2021 - 02:11 PM (IST)
ਨਵੀਂ ਦਿੱਲੀ– ਪੈਟਰੋਲ-ਡੀਜ਼ਲ ਦੀ ਮਹਿੰਗਾਈ ਦਾ ਅਸਰ ਖਪਤਕਾਰ ਵਸਤਾਂ ’ਤੇ ਪੈਣਾ ਲਾਜ਼ਮੀ ਹੈ ਪਰ ਇਸ ’ਚ ਇਕ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਆਮ ਆਦਮੀ ਨੂੰ ਰੁਆਉਣ ਵਾਲੇ ਆਲੂ-ਟਮਾਟਰ ਦੇ ਭਾਅ ਨਰਮ ਹਨ ਜਦ ਕਿ ਪਿਆਜ ਰੁਆਉਣ ਲਈ ਤਿਆਰ ਬੈਠਾ ਹੈ। ਪਿਛਲੇ ਸਾਲ ਦੀ ਤੁਲਨਾ ’ਚ ਟਮਾਟਰ 40 ਫੀਸਦੀ ਅਤੇ ਆਲੂ 32 ਫੀਸਦੀ ਸਸਤਾ ਹੋਇਆ ਹੈ। ਇਸ ਦੌਰਾਨ ਰਸੋਈ ਦੇ ਬਜਟ ਨੂੰ ਪੂਰੀ ਤਰ੍ਹਾਂ ਵਿਗਾੜਨ ’ਚ ਖਾਣ ਵਾਲੇ ਤੇਲਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉੱਥੇ ਹੀ ਆਲੂ-ਟਮਾਟਰ ਇਸ ਨੂੰ ਸੰਭਾਲ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਸਰ੍ਹੋਂ ਦਾ ਤੇਲ 42 ਫੀਸਦੀ, ਮੂੰਗਫਲੀ ਤੇਲ 21, ਵਨਸਪਤੀ 53, ਸੋਇਆ ਆਇਲ 55 ਅਤੇ ਸੂਰਜਮੁਖੀ ਤੇਲ 58 ਫੀਸਦੀ ਮਹਿੰਗਾ ਹੋ ਚੁੱਕਾ ਹੈ। ਪਾਮ ਆਇਲ ਵੀ ਇਸ ਮਿਆਦ ’ਚ 48 ਫੀਸਦੀ ਉਛਲਿਆ ਹੈ।
ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 26 ਜੁਲਾਈ 2020 ਦੇ ਮੁਕਾਬਲੇ 26 ਜੁਲਾਈ 2021 ਨੂੰ ਖੁੱਲ੍ਹੀ ਚਾਹ ’ਚ 16 ਫੀਸਦੀ ਤੱਕ ਦਾ ਉਛਾਲ ਆ ਚੁੱਕਾ ਹੈ। ਉੱਥੇ ਹੀ ਚੌਲਾਂ ਦੇ ਰੇਟ ’ਚ 5 ਫੀਸਦੀ ਦਾ ਵਾਧਾ ਹੋਇਆ ਹੈ। ਜੇ ਦਾਲਾਂ ਦੀ ਗੱਲ ਕਰੀਏ ਤਾਂ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਰਹਰ ਦੀ ਦਾਲ ਔਸਤਨ 93 ਰੁਪਏ ਪ੍ਰਤੀ ਕਿਲੋ ਤੋਂ ਕਰੀਬ 107 ਰਪਏ, ਮਾਂਹ ਦੀ ਦਾਲ 91 ਤੋਂ 106 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਉੱਥੇ ਹੀ ਮੂੰਗ ਦਾਲ ’ਚ ਮਾਮੂਲੀ ਗਿਰਾਵਟ ਆਈ ਹੈ, ਜਦ ਕਿ ਮਸਰ ਅਤੇ ਚਨਾ ਦਾਲ 15 ਫੀਸਦੀ ਤੱਕ ਮਹਿੰਗੀ ਹੋਈ ਹੈ।
ਕਈ ਵਾਰ ਲੋਕਾਂ ਨੂੰ ਮਹਿੰਗਾਈ ਦੇ ਹੰਝੂ ਰੁਆਉਣ ਵਾਲਾ ਪਿਆਜ ਮੁੜ ਮਹਿੰਗਾ ਹੋਣ ਲਈ ਤਿਆਰ ਹੈ। ਇਕ ਸਾਲ ’ਚ ਇਸ ਦੀ ਕੀਮਤ 35 ਫੀਸਦੀ ਵਧ ਕੇ 21 ਤੋਂ 29 ਰੁਪਏ ’ਤੇ ਪਹੁੰਚ ਗਈ ਹੈ।