ਭਾਰਤ ’ਚ ਪੈਟਰੋਲ ਬ੍ਰਿਟੇਨ ਅਤੇ ਜਰਮਨੀ ਤੋਂ ਸਸਤਾ, ਪਰ ਅਮਰੀਕਾ, ਚੀਨ, ਪਾਕਿ ਅਤੇ ਸ਼੍ਰੀਲੰਕਾ ਤੋਂ ਮਹਿੰਗਾ

05/18/2022 12:34:09 PM

ਨਵੀਂ ਦਿੱਲੀ- ਭਾਰਤ ’ਚ ਪੈਟਰੋਲ ਹਾਂਗਕਾਂਗ, ਜਰਮਨੀ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਦੀ ਤੁਲਨਾ ’ਚ ਸਸਤਾ ਹੈ ਪਰ ਚੀਨ, ਬ੍ਰਾਜ਼ੀਲ, ਜਾਪਾਨ, ਅਮਰੀਕਾ, ਰੂਸ, ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਤੁਲਨਾ ’ਚ ਮਹਿੰਗਾ ਹੈ। ਬੈਂਕ ਆਫ ਬੜੌਦਾ (ਬੀ. ਓ. ਬੀ.) ਦੀ ਇਕ ਖੋਜ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਭਾਰਤ ’ਚ ਈਂਧਨ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਇਸ ’ਤੇ ਬਹਿਸ ਚੱਲ ਰਹੀ ਹੈ ਕਿ ਸੂਬੇ ਜਾਂ ਕੇਂਦਰ ’ਚੋਂ ਕਿਸ ਨੂੰ ਆਪਣੇ ਟੈਕਸਾਂ ’ਚ ਕਟੌਤੀ ਕਰਨੀ ਚਾਹੀਦੀ ਹੈ। ਈਂਧਨ ਦੀਆਂ ਕੀਮਤਾਂ ’ਚ ਵਾਧਾ ਮੁੱਖ ਤੌਰ ’ਤੇ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਧਣ ਕਾਰਨ ਹੈ। ਇਸ ਤੋਂ ਇਲਾਵਾ ਡਾਲਰ ਦੇ ਮਜ਼ਬੂਤ ਹੋਣ ਨਾਲ ਵੀ ਕੱਚੇ ਤੇਲ ਦੀ ਦਰਾਮਦ ਮਹਿੰਗੀ ਹੋ ਗਈ ਹੈ।
ਬੀ. ਓ. ਬੀ. ਦੀ ਆਰਥਿਕ ਖੋਜ ਰਿਪੋਰਟ ’ਚ ਵੱਖ-ਵੱਖ ਦੇਸ਼ਾਂ ’ਚ ਬੀਤੀ 9 ਮਈ ਨੂੰ ਪੈਟਰੋਲ ਦੀਆਂ ਕੀਮਤਾਂ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ ਹੈ। ਇਸ ਲਈ ਉਸ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ’ਚ ਪੈਟਰੋਲ ਦੀਆਂ ਕੀਮਤਾਂ ਨੂੰ ਆਧਾਰ ਬਣਾਇਆ ਗਿਆ। ਦੁਨੀਆ ਦੇ 106 ਦੇਸ਼ਾਂ ਤੋਂ ਮਿਲੇ ਅੰਕੜਿਆਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਭਾਰਤ ’ਚ ਪੈਟਰੋਲ ਦੀ ਕੀਮਤ 1.35 ਡਾਲਰ ਪ੍ਰਤੀ ਲਿਟਰ ਹੈ ਅਤੇ ਇਹ ਇਸ ਸੂਚੀ ’ਚ 42ਵੇਂ ਸਥਾਨ ’ਤੇ ਹੈ। ਇਸ ਤਰ੍ਹਾਂ 50 ਤੋਂ ਵੱਧ ਦੇਸ਼ਾਂ ’ਚ ਪੈਟਰੋਲ ਦੀਆਂ ਕੀਮਤਾਂ ਭਾਰਤ ਤੋਂ ਵੀ ਜ਼ਿਆਦਾ ਹਨ।
ਰਿਪੋਰਟ ਕਹਿੰਦੀ ਹੈ ਕਿ ਇਸ ਅੰਕੜੇ ਨੂੰ ਦੇਖ ਕੇ ਸਾਨੂੰ ਕੁੱਝ ਰਾਹਤ ਮਿਲਦੀ ਹੈ ਕਿ ਸਿਰਫ ਭਾਰਤ ’ਚ ਹੀ ਪੈਟਰੋਲ ਇੰਨਾ ਮਹਿੰਗਾ ਨਹੀਂ ਹੈ। ਇਨ੍ਹਾਂ ਦੇਸ਼ਾਂ ’ਚ ਪੈਟਰੋਲ ਦੀ ਔਸਤ ਕੀਮਤ 1.22 ਡਾਲਰ ਪ੍ਰਤੀ ਲਿਟਰ ਹੈ। ਰਿਪੋਰਟ ਮੁਤਾਬਕ ਭਾਰਤ ’ਚ ਈਂਧਨ ਦੀਆਂ ਕੀਮਤਾਂ ਆਸਟ੍ਰੇਲੀਆ, ਤੁਰਕੀ ਅਤੇ ਦੱਖਣੀ ਕੋਰੀਆ ਦੇ ਬਰਾਬਰ ਹਨ। ਇਹ ਕੀਮਤ ਹਾਂਗਕਾਂਗ, ਫਿਨਲੈਂਡ, ਜਰਮਨੀ, ਇਟਲੀ, ਨੀਦਰਲੈਂਡ, ਯੂਨਾਨ, ਫ੍ਰਾਂਸ, ਪੁਰਤਗਾਲ ਅਤੇ ਨਾਰਵੇ ਤੋਂ ਘੱਟ ਹੈ, ਜਿੱਥੇ ਇਹ ਪ੍ਰਤੀ ਲਿਟਰ 2 ਡਾਲਰ ਤੋਂ ਉੱਪਰ ਹੈ। ਪ੍ਰਤੀ ਵਿਅਕਤੀ ਦੇ ਸੰਦਰਭ ’ਚ ਭਾਰਤ ’ਚ ਪੈਟਰੋਲ ਦੀ ਕੀਮਤ ਵੀਅਤਨਾਮ, ਕੀਨੀਆ, ਯੂਕ੍ਰੇਨ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ ਅਤੇ ਵੈਨੇਜੁਏਲਾ ਤੋਂ ਵੱਧ ਹਨ।


Aarti dhillon

Content Editor

Related News