ਪਿਛਲੇ ਇਕ ਸਾਲ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ, ਜਾਣੋ ਕਿੰਨਾ ਕਮਾ ਰਹੀਆਂ ਹਨ ਤੇਲ ਕੰਪਨੀਆਂ
Friday, Jun 09, 2023 - 11:55 AM (IST)
ਨਵੀਂ ਦਿੱਲੀ - ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਇਕ ਅਧਿਕਾਰੀ ਨੇ ਸੰਕੇਤ ਦਿੱਤੇ ਹਨ ਕਿ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਆਪਣਾ ਘਾਟਾ ਪੂਰਾ ਕਰ ਲਿਆ ਹੈ, ਇਸ ਲਈ ਜਲਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਦੀ ਉਮੀਦ ਕੀਤੀ ਜਾ ਸਕਦੀ ਹੈ।
ਇੱਕ ਉਦਯੋਗਿਕ ਸਮਾਗਮ ਵਿੱਚ ਮੌਜੂਦ, ਉਕਤ ਅਧਿਕਾਰੀ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਵਿੱਤੀ ਸਾਲ 2022 ਦੀ ਚੌਥੀ ਤਿਮਾਹੀ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਅਤੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਵੀ ਇਸ ਦੇ ਬਿਹਤਰ ਹੀ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਸਰਕਾਰ ਤੇਲ ਕੰਪਨੀਆਂ ਨੂੰ ਕੀਮਤ ਘਟਾਉਣ ਲਈ ਕਹਿ ਸਕਦੀ ਹੈ, ਜੋ ਕਿ ਇੱਕ ਜਾਇਜ਼ ਮੰਗ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਦਾ ਕੁਝ ਫਾਇਦਾ ਗਾਹਕਾਂ ਨੂੰ ਦੇਣਗੇ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਨਤੀਜੇ ਜੁਲਾਈ ਵਿੱਚ ਆਉਣਗੇ।
ਇਹ ਵੀ ਪੜ੍ਹੋ : ਮੁੰਬਈ ਸਭ ਤੋਂ ਮਹਿੰਗਾ ਭਾਰਤੀ ਸ਼ਹਿਰ, ਗਲੋਬਲ ਪੱਧਰ ’ਤੇ ਹਾਂਗਕਾਂਗ ਸਭ ਤੋਂ ਅੱਗੇ
ਦੂਜੇ ਪਾਸੇ ਉੱਥੇ ਮੌਜੂਦ ਤੇਲ ਮਾਰਕੀਟਿੰਗ ਕੰਪਨੀਆਂ ਦੇ ਦੋ ਉੱਚ ਅਧਿਕਾਰੀ ਉਨ੍ਹਾਂ ਨਾਲ ਸਹਿਮਤ ਨਹੀਂ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਕੰਪਨੀਆਂ ਅਜੇ ਤੱਕ ਕੋਵਿਡ-19 ਮਹਾਮਾਰੀ ਅਤੇ ਫਰਵਰੀ 2022 'ਚ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਸ਼ੁਰੂਆਤੀ ਦਿਨਾਂ 'ਚ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕੀਆਂ ਹਨ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਨਹੀਂ ਹੋਇਆ ਪਿਛਲੇ ਇਕ ਸਾਲ ਤੋਂ ਬਦਲਾਅ
ਦੇਸ਼ ਵਿੱਚ ਪ੍ਰਚੂਨ ਤੇਲ ਦੀਆਂ ਕੀਮਤਾਂ ਵਿੱਚ ਬਦਲਾਅ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪਿਛਲੇ ਸਾਲ 22 ਮਈ ਨੂੰ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਸੀ ਅਤੇ ਉਦੋਂ ਤੋਂ ਇਹ ਕੀਮਤਾਂ ਲਗਭਗ ਇੱਕੋ ਜਿਹੀਆਂ ਹੀ ਹਨ।
ਇਸ ਲਈ 2022 ਦੀ ਪਹਿਲੀ ਛਿਮਾਹੀ ਵਿੱਚ ਜਦੋਂ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਤੇਲ ਮਹਿੰਗਾ ਹੁੰਦਾ ਜਾ ਰਿਹਾ ਸੀ ਤਾਂ ਭਾਰਤੀ ਗਾਹਕਾਂ 'ਤੇ ਮਹਿੰਗਾ ਪੈਟਰੋਲ ਅਤੇ ਡੀਜ਼ਲ ਦਾ ਬੋਝ ਨਹੀਂ ਪਾਇਆ ਗਿਆ ਸੀ। ਦੂਜੇ ਪਾਸੇ ਕੀਮਤਾਂ ਡਿੱਗਣ ਦੇ ਬਾਵਜੂਦ ਉਨ੍ਹਾਂ ਨੂੰ ਸਸਤਾ ਈਂਧਨ ਨਹੀਂ ਮਿਲਿਆ। 10 ਜੂਨ 2022 ਨੂੰ ਬ੍ਰੈਂਟ ਕਰੂਡ ਦੀ ਕੀਮਤ 112.24 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ ਘੱਟ ਕੇ ਸਿਰਫ 74.95 ਡਾਲਰ ਪ੍ਰਤੀ ਬੈਰਲ ਰਹਿ ਗਈ ਹੈ।
ਇਹ ਵੀ ਪੜ੍ਹੋ : ਫਸਲਾਂ ਦੇ MSP 'ਚ ਵਾਧੇ ਮਗਰੋਂ ਵੀ ਫਟ ਸਕਦੈ 'ਮਹਿੰਗਾਈ ਬੰਬ', ਜਾਣੋ ਮਾਹਰਾਂ ਦੀ ਰਾਏ
ਸਰਕਾਰ ਦਾ ਤਰਕ ਹੈ ਕਿ ਤਿੰਨੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪਿਛਲੀ ਤਿਮਾਹੀ 'ਚ ਚੰਗਾ ਮੁਨਾਫਾ ਕਮਾਇਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦਾ ਕੁੱਲ ਸ਼ੁੱਧ ਲਾਭ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 52 ਫੀਸਦੀ ਵਧ ਕੇ 10,841.23 ਕਰੋੜ ਰੁਪਏ ਹੋ ਗਿਆ। ਭਾਰਤ ਪੈਟਰੋਲੀਅਮ ਦਾ ਸ਼ੁੱਧ ਲਾਭ 168 ਫੀਸਦੀ ਵਧ ਕੇ 6,780 ਕਰੋੜ ਰੁਪਏ ਅਤੇ ਹਿੰਦੁਸਤਾਨ ਪੈਟਰੋਲੀਅਮ ਦਾ ਮੁਨਾਫਾ 79 ਫੀਸਦੀ ਵਧ ਕੇ 3,608 ਕਰੋੜ ਰੁਪਏ ਹੋ ਗਿਆ।
ਤੇਲ ਕੰਪਨੀਆਂ ਕਮਾ ਰਹੀਆਂ ਹਨ ਮੋਟਾ ਮੁਨਾਫ਼ਾ
ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਲੰਬੇ ਸਮੇਂ ਤੱਕ ਡਿੱਗਣ ਤੋਂ ਬਾਅਦ ਵਿੱਤੀ ਸਾਲ 23 ਦੀ ਤੀਜੀ ਤਿਮਾਹੀ ਵਿੱਚ ਦੋਵਾਂ ਈਂਧਨਾਂ 'ਤੇ ਸ਼ੁੱਧ ਮਾਰਜਨ ਵਧ ਕੇ 2.5 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ, ਜੋ ਕਿ 10 ਮਹੀਨਿਆਂ ਦਾ ਉੱਚ ਪੱਧਰ ਹੈ। ਇਸ ਤੋਂ ਬਾਅਦ ਚੌਥੀ ਤਿਮਾਹੀ 'ਚ ਡੀਜ਼ਲ ਦੀ ਵਿਕਰੀ 'ਤੇ ਕੰਪਨੀਆਂ ਨੂੰ 1.2 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਪਰ ਉਨ੍ਹਾਂ ਨੂੰ ਪੈਟਰੋਲ 'ਤੇ 6.8 ਰੁਪਏ ਪ੍ਰਤੀ ਲੀਟਰ ਦਾ ਮੁਨਾਫਾ ਮਿਲ ਰਿਹਾ ਹੈ। ਇਸ ਤਰ੍ਹਾਂ, ਉਸ ਨੂੰ ਦੋਨਾਂ ਈਂਧਨਾਂ 'ਤੇ ਕੁੱਲ ਮੁਨਾਫਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਅਯੁੱਧਿਆ ਦੀ ਧਰਤੀ 'ਤੇ ਪੈਰ ਧਰਦੇ ਹੀ ਹੋਣਗੇ ਰਾਮ ਮੰਦਰ ਦੇ ਦਰਸ਼ਨ, ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ
FY2023 ਵਿੱਚ, ਤੇਲ ਮਾਰਕੀਟਿੰਗ ਕੰਪਨੀਆਂ ਨੇ ਰਿਕਾਰਡ ਸਕਲ ਰਿਫਾਇਨਿੰਗ ਮਾਰਜਿਨ ਦਰਜ ਕੀਤਾ। ਰਿਫਾਇਨਰੀਆਂ ਨੂੰ 1 ਬੈਰਲ ਬ੍ਰੈਂਟ ਕਰੂਡ ਨੂੰ ਪੈਟਰੋਲੀਅਮ ਉਤਪਾਦ ਵਿੱਚ ਬਦਲਣ 'ਤੇ ਜੋ ਮੁਨਾਫਾ ਹੁੰਦਾ ਹੈ, ਉਸ ਨੂੰ ਰਿਫਾਇਨਿੰਗ ਮਾਰਜਿਨ ਕਿਹਾ ਜਾਂਦਾ ਹੈ। ਇੰਡੀਅਨ ਆਇਲ ਦੇ ਵਿੱਤੀ ਅੰਕੜੇ ਦਰਸਾਉਂਦੇ ਹਨ ਕਿ FY2023 ਵਿੱਚ ਇਸਦਾ ਔਸਤ ਰਿਫਾਈਨਿੰਗ ਮਾਰਜਿਨ 19.52 ਡਾਲਰ ਪ੍ਰਤੀ ਬੈਰਲ ਹੈ, ਜਦੋਂ ਕਿ FY22 ਵਿੱਚ 11.25 ਡਾਲਰ ਪ੍ਰਤੀ ਬੈਰਲ ਸੀ।
ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਦੱਸਿਆ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਗ੍ਰਾਸ ਰਿਫਾਇਨਿੰਗ ਮਾਰਜਿਨ ਵਧਿਆ ਸੀ, ਪਰ ਹੁਣ ਇਹ ਹੇਠਾਂ ਆ ਰਿਹਾ ਹੈ। ਵਿੰਡਫਾਲ ਟੈਕਸ ਵੀ ਮੁਨਾਫੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅਜਿਹੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਮਾੜਾ ਦੌਰ ਪਿੱਛੇ ਰਹਿ ਗਿਆ ਹੈ।
ਸਰਕਾਰ ਨੇ ਸੰਸਦ ਨੂੰ ਦੱਸਿਆ ਸੀ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਿੱਤੀ ਸਾਲ 2023 ਦੇ ਪਹਿਲੇ ਨੌਂ ਮਹੀਨਿਆਂ 'ਚ ਕੁੱਲ 18,622 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ, ਜਦਕਿ ਇਨ੍ਹਾਂ ਕੰਪਨੀਆਂ ਦਾ ਟੈਕਸ ਤੋਂ ਪਹਿਲਾਂ ਦਾ ਮੁਨਾਫਾ FY22 ਦੀ ਇਸੇ ਮਿਆਦ 'ਚ 28,360 ਕਰੋੜ ਰੁਪਏ ਸੀ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ (ਐੱਲ.ਪੀ.ਜੀ.) ਦੀ ਪ੍ਰਚੂਨ ਕੀਮਤ ਅਤੇ ਅੰਤਰਰਾਸ਼ਟਰੀ ਕੀਮਤ ਵਿਚਕਾਰ ਅੰਤਰ ਕਾਰਨ ਕੰਪਨੀਆਂ ਨੂੰ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਸਸਤਾ ਹੋਣ ’ਤੇ ਵੀ ਚੀਨੀ ਮਾਲ ਨਹੀਂ ਖਰੀਦਣਗੀਆਂ ਸਰਕਾਰੀ ਕੰਪਨੀਆਂ!, ਜਾਣੋ ਕੀ ਹੈ ਖ਼ਤਰਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।