ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਡੀਜ਼ਲ ਕੀਮਤਾਂ 'ਚ ਹੋਈ ਇੰਨੀ ਕਟੌਤੀ

09/29/2020 2:05:55 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਲਗਭਗ ਸਥਿਰ ਰਹਿਣ ਵਿਚਕਾਰ ਦੇਸ਼ 'ਚ ਡੀਜ਼ਲ ਦਿਨ-ਬ-ਦਿਨ ਸਸਤਾ ਹੋ ਰਿਹਾ ਹੈ।

ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਇਸ ਮਹੀਨੇ 'ਚ ਡੀਜ਼ਲ ਦੀ ਕੀਮਤ ਹੁਣ ਤੱਕ 2.93 ਰੁਪਏ ਤੱਕ ਘਟਾ ਦਿੱਤੀ ਗਈ ਹੈ। ਇਹ ਸਿਲਸਿਲਾ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਕੌਮਾਂਤਰੀ ਬਾਜ਼ਾਰ 'ਚ ਬ੍ਰੈਂਟ ਕੱਚਾ ਤੇਲ ਲਗਭਗ 42 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਹੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਮੰਗਲਵਾਰ ਨੂੰ ਡੀਜ਼ਲ ਦੀ ਕੀਮਤ 70.63 ਰੁਪਏ ਪ੍ਰਤੀ ਲਿਟਰ 'ਤੇ ਆ ਗਈ, ਜੋ ਸੋਮਵਾਰ ਨੂੰ 70.72 ਰੁਪਏ 'ਤੇ ਸੀ। ਪੈਟਰੋਲ ਲਗਾਤਾਰ 6ਵੇਂ ਦਿਨ ਸਥਿਰ ਰਿਹਾ। ਕੋਰੋਨਾ ਮਹਾਮਾਰੀ ਦੌਰਾਨ ਅਰਥਵਿਵਸਥਾ ਲਈ ਬਣੇ ਮੁਸ਼ਕਲ ਹਾਲਾਤ ਵਿਚਕਾਰ ਦੇਸ਼ 'ਚ ਤੇਲ ਕੀਮਤਾਂ ਦਾ ਘਟਣਾ ਖ਼ਪਤਕਾਰਾਂ ਲਈ ਇਕ ਰਾਹਤ ਵਾਲੀ ਗੱਲ ਹੈ।

ਪੰਜਾਬ 'ਚ ਕੀਮਤਾਂ-
ਜਲੰਧਰ 'ਚ ਅੱਜ ਡੀਜ਼ਲ ਦੀ ਕੀਮਤ 72 ਰੁਪਏ 24 ਪੈਸੇ ਪ੍ਰਤੀ ਲਿਟਰ ਹੋ ਗਈ, ਜਦੋਂ ਕਿ ਪੈਟਰੋਲ ਦੀ ਕੀਮਤ 82 ਰੁਪਏ 19 ਪੈਸੇ ਰਹੀ। ਇੰਡੀਅਨ ਆਇਲ ਦੀ ਸਾਈਟ ਮੁਤਾਬਕ, ਅੰਮ੍ਰਿਤਸਰ ਸ਼ਹਿਰ 'ਚ ਪੈਟਰੋਲ ਦੀ ਕੀਮਤ 82 ਰੁਪਏ 81 ਪੈਸੇ ਹੈ, ਜਦੋਂ ਕਿ ਡੀਜ਼ਲ ਦੀ ਕੀਮਤ ਘੱਟ ਕੇ 72 ਰੁਪਏ 81 ਪੈਸੇ ਹੋ ਗਈ ਹੈ।

ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 82 ਰੁਪਏ 74 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 72 ਰੁਪਏ 74 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ 'ਚ ਪੈਟਰੋਲ ਦੀ ਕੀਮਤ 82 ਰੁਪਏ 62 ਪੈਸੇ ਅਤੇ ਡੀਜ਼ਲ ਦੀ ਕੀਮਤ 72 ਰੁਪਏ 64 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ 'ਚ ਪੈਟਰੋਲ ਦੀ ਕੀਮਤ 83 ਰੁਪਏ 10 ਪੈਸੇ ਅਤੇ ਡੀਜ਼ਲ ਦੀ 73 ਰੁਪਏ 07 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਉੱਥੇ ਹੀ, ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 77.99 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ, ਜਦੋਂ ਕਿ ਡੀਜ਼ਲ ਦੀ ਕੀਮਤ 70.33 ਰੁਪਏ ਪ੍ਰਤੀ ਲਿਟਰ ਹੋ ਗਈ ਹੈ।


Sanjeev

Content Editor

Related News