ਸਰਕਾਰੀ ਬੈਂਕਾਂ ਦੇ ਮੁਕਾਬਲੇ ਨਿੱਜੀ ਬੈਂਕਾਂ ’ਚ ਜ਼ਿਆਦਾ ਪੈਸਾ ਜਮ੍ਹਾ ਕਰਵਾ ਰਹੇ ਲੋਕ

02/21/2020 9:02:47 AM

ਨਵੀਂ ਦਿੱਲੀ — ਆਮ ਤੌਰ ’ਤੇ ਸਰਕਾਰੀ ਬੈਂਕਾਂ ਨੂੰ ਪੈਸੇ ਦੀ ਸੁਰੱਖਿਆ ਦੀ ਗਾਰੰਟੀ ਮੰਨਿਆ ਜਾਂਦਾ ਰਿਹਾ ਹੈ ਪਰ ਬੀਤੇ ਇਕ ਸਾਲ ਦੇ ਅੰਕੜੇ ਇਸ ਤੋਂ ਉਲਟ ਹਨ। ਸੂਤਰਾਂ ਅਨੁਸਾਰ ਬੀਤੀਆਂ 4 ਤਿਮਾਹੀਆਂ ਦੇ ਬੈਂਕ ਡਿਪਾਜ਼ਿਟ ਦੇ ਵਿਸ਼ਲੇਸ਼ਣ ਮੁਤਾਬਕ ਪੈਸੇ ਜਮ੍ਹਾ ਕਰਨ ਦੇ ਮਾਮਲੇ ’ਚ ਲੋਕਾਂ ਦਾ ਸਰਕਾਰੀ ਦੇ ਮੁਕਾਬਲੇ ਨਿੱਜੀ ਬੈਂਕਾਂ ’ਤੇ ਭਰੋਸਾ ਵਧਿਆ ਹੈ।

ਬੀਤੇ 3 ਸਾਲਾਂ ’ਚ ਇਹ ਰੁਝਾਨ ਦੇਖਣ ਨੂੰ ਮਿਲਿਆ ਹੈ ਕਿ ਸਰਕਾਰੀ ਬੈਂਕਾਂ ਦੇ ਮੁਕਾਬਲੇ ਗਾਹਕਾਂ ਨੇ ਪ੍ਰਾਈਵੇਟ ਬੈਂਕਾਂ ਦਾ ਜ਼ਿਆਦਾ ਰੁਖ਼ ਕੀਤਾ ਹੈ। ਹਾਲਾਂਕਿ 2019 ਦੀਆਂ ਸ਼ੁਰੂਆਤੀ ਦੋ ਤਿਮਾਹੀਆਂ ’ਚ ਸਰਕਾਰੀ ਬੈਂਕਾਂ ਨੇ ਵਾਧਾ ਕਾਇਮ ਕੀਤਾ ਸੀ ਪਰ ਜੁਲਾਈ ਅਤੇ ਅਕਤੂਬਰ ਤਿਮਾਹੀਆਂ ’ਚ ਇਕ ਵਾਰ ਫਿਰ ਇਹ ਪਿੱਛੇ ਰਹਿ ਗਏ। ਅੰਕੜਿਆਂ ਮੁਤਾਬਕ 2019 ਦੀ ਦੂਜੀ ਛਿਮਾਹੀ ’ਚ ਐੱਚ. ਡੀ. ਐੱਫ. ਸੀ. ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਸਮੇਤ ਦੇਸ਼ ਦੇ 8 ਵੱਡੇ ਪ੍ਰਾਈਵੇਟ ਬੈਂਕਾਂ ’ਚ 2.68 ਲੱਖ ਕਰੋਡ਼ ਰੁਪਏ ਦੀ ਰਾਸ਼ੀ ਜਮ੍ਹਾ ਹੋਈ, ਜਦੋਂ ਕਿ ਵੱਡੇ 8 ਸਰਕਾਰੀ ਬੈਂਕਾਂ ’ਚ 2.58 ਲੱਖ ਹੀ ਜਮ੍ਹਾ ਹੋਏ।

ਅਜੇ ਵੀ ਸਰਕਾਰੀ ਬੈਂਕਾਂ ਦੀ ਹਿੱਸੇਦਾਰੀ ਜ਼ਿਆਦਾ, ਭਰੋਸਾ ਘੱਟ

ਹਾਲਾਂਕਿ ਪਹਿਲੀ ਛਿਮਾਹੀ ’ਚ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਅਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਸਮੇਤ 8 ਸਰਕਾਰੀ ਬੈਂਕਾਂ ਨੇ ਵੱਡਾ ਵਾਧਾ ਬਣਾਇਆ ਸੀ। ਸਰਕਾਰੀ ਬੈਂਕਾਂ ’ਚ 5.25 ਲੱਖ ਕਰੋਡ਼ ਰੁਪਏ ਦੀ ਰਾਸ਼ੀ ਜਮ੍ਹਾ ਹੋਈ ਸੀ, ਜਦੋਂ ਕਿ ਨਿੱਜੀ ਬੈਂਕਾਂ ’ਚ 2.58 ਲੱਖ ਕਰੋਡ਼ ਰੁਪਏ ਹੀ ਜਮ੍ਹਾ ਹੋਏ। ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਅਜੇ ਵੀ ਸਰਕਾਰੀ ਬੈਂਕਾਂ ਦੀ ਕੁਲ ਕਾਰੋਬਾਰ ’ਚ 70 ਫ਼ੀਸਦੀ ਹਿੱਸੇਦਾਰੀ ਹੈ ਪਰ ਵਾਧੇ ’ਚ ਨਿੱਜੀ ਬੈਂਕ ਅੱਗੇ ਹਨ। ਨਿੱਜੀ ਬੈਂਕਾਂ ਦੀਆਂ ਬਰਾਂਚਾਂ ਲਗਾਤਾਰ ਦਿਹਾਤੀ ਖੇਤਰਾਂ ’ਚ ਵੀ ਖੁੱਲ੍ਹ ਰਹੀਆਂ ਹਨ। ਆਸਾਨ ਅਤੇ ਤੇਜ਼ ਪ੍ਰਬੰਧ ਹੋਣ ਕਾਰਣ ਲੋਕਾਂ ਦਾ ਇਨ੍ਹਾਂ ’ਤੇ ਭਰੋਸਾ ਵਧਦਾ ਦਿਸਿਆ ਹੈ।

ਇਨ੍ਹਾਂ ਨਿੱਜੀ ਬੈਂਕਾਂ ਨੂੰ ਬਣਾਇਆ ਗਿਆ ਆਧਾਰ

ਰਿਪੋਰਟ ’ਚ ਜਿਨ੍ਹਾਂ ਨਿੱਜੀ ਬੈਂਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ’ਚ ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ, ਇੰਡਸਇੰਡ ਬੈਂਕ, ਫੈਡਰਲ ਬੈਂਕ, ਬੰਧਨ ਬੈਂਕ ਅਤੇ ਆਈ. ਡੀ. ਐੱਫ. ਸੀ. ਫਰਸਟ ਬੈਂਕ ਸ਼ਾਮਲ ਹਨ।

ਇਨ੍ਹਾਂ ਸਰਕਾਰੀ ਬੈਂਕਾਂ ਨੂੰ ਕੀਤਾ ਗਿਆ ਰਿਪੋਰਟ ’ਚ ਸ਼ਾਮਲ

ਸਰਕਾਰੀ ਬੈਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ’ਚ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ, ਕੇਨਰਾ ਬੈਂਕ, ਬੈਂਕ ਆਫ ਇੰਡੀਆ, ਯੂਨੀਅਨ ਬੈਂਕ ਆਫ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਸ਼ਾਮਲ ਹਨ।


Related News