ਦੁਨੀਆ ਭਰ ’ਚ ਵਧ ਰਹੀ ਮਹਿੰਗਾਈ, ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਤੋਂ ਲੋਕ ਪ੍ਰੇਸ਼ਾਨ

Sunday, Jul 24, 2022 - 12:10 PM (IST)

ਸਿੰਗਾਪੁਰ (ਭਾਸ਼ਾ) – ਦੁਨੀਆ ਭਰ ’ਚ ਅਸਮਾਨ ਛੂਹਦੀ ਮਹਿੰਗਾਈ ਦਰਮਿਆਨ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਕਰ ਰਹੀਆਂ ਹਨ। ਵਿਕਾਸਸ਼ੀਲ ਦੇਸ਼ਾਂ ਤੋਂ ਇਲਾਵਾ ਸਿੰਗਾਪੁਰ ਵਰਗੀ ਉੱਨਤ ਅਰਥਵਿਵਸਥਾ ਵਾਲਾ ਦੇਸ਼ ਵੀ ਇਸ ਦੀ ਮਾਰ ਝੱਲ ਰਿਹਾ ਹੈ। ਘਰੇਲੂ ਕੀਮਤਾਂ ਨੂੰ ਕਾਬੂ ’ਚ ਕਰਨ ਲਈ ਕਈ ਦੇਸ਼ਾਂ ਨੇ ਖਾਣ ਵਾਲੀਆਂ ਵਸਤਾਂ ਦੀ ਐਕਸਪੋਰਟ ’ਤੇ ਪਾਬੰਦੀ ਲਗਾ ਦਿੱਤੀ ਹੈ।

ਮਲੇਸ਼ੀਆ ਨੇ ਪਿਛਲੇ ਮਹੀਨੇ ਜਿੰਦਾ ਬ੍ਰਾਇਲਰ ਚਿਕਨ ਦੀ ਐਕਸਪੋਰਟ ’ਤੇ ਰੋਕ ਲਗਾ ਦਿੱਤੀ। ਮਲੇਸ਼ੀਆ ਤੋਂ ਵੱਡੀ ਗਿਣਤੀ ’ਚ ਪੋਲਟਰੀ ਦੀ ਇੰਪੋਰਟ ਕਰਨ ਵਾਲਾ ਸਿੰਗਾਪੁਰ ਵੀ ਇਸ ਫੈਸਲੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤੇਲ ਤੋਂ ਲੈ ਕੇ ਚਿਕਨ ਤੱਕ ਦੀਆਂ ਕੀਮਤਾਂ ਵਧਣ ਨਾਲ ਖਾਣ-ਪੀਣ ਦੇ ਕਾਰੋਬਾਰ ਨਾਲ ਜੁੜੇ ਅਦਾਰਿਆਂ ਨੂੰ ਵੀ ਰੇਟ ਵਧਾਉਣੇ ਪਏ ਹਨ। ਇਸ ਕਾਰਨ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਲਈ 10-20 ਫੀਸਦੀ ਤੱਕ ਜ਼ਿਆਦਾ ਰੇਟ ਅਦਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਤੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਸੁਰੱਖਿਆ ਜਾਰੀ ਰੱਖਣ ’ਤੇ ਕੇਂਦਰ ਨੂੰ ਮਿਲੀ ਮਨਜ਼ੂਰੀ

ਸੰਯੁਕਤ ਰਾਸ਼ਟਰ ਭੋਜਨ ਖਰੀਦਣ ਲਈ ਦੇ ਰਿਹਾ ਹੈ ਨਕਦੀ

ਖਪਤਕਾਰਾਂ ਨੂੰ ਬਰਾਬਰ ਮਾਤਰਾ ਦੀ ਵਸਤੂ ਲਈ ਜਾਂ ਤਾਂ ਜ਼ਿਆਦਾ ਰਕਮ ਦੇਣੀ ਪੈ ਰਹੀ ਹੈ ਜਾਂ ਫਿਰ ਆਪਣੇ ਖਾਣ-ਪੀਣ ’ਚ ਕਟੌਤੀ ਕਰਨੀ ਪੈ ਰਹੀ ਹੈ। ਲੇਬਨਾਨ ’ਚ ਸੰਯੁਕਤ ਰਾਸ਼ਟਰ ਖੁਰਾਕ ਪ੍ਰੋਗਰਾਮ ਲੋਕਾਂ ਨੂੰ ਭੋਜਨ ਖਰੀਦਣ ਲਈ ਨਕਦੀ ਦੇ ਰਿਹਾ ਹੈ। ਬੇਰੂਤ ਦੀ ਰਹਿਣ ਵਾਲੀ ਟ੍ਰੇਸੀ ਸਲਿਬਾ ਦਾ ਕਹਿਣਾ ਹੈ ਕਿ ਮੈਂ ਹੁਣ ਸਿਰਫ ਜ਼ਰੂਰੀ ਸਾਮਾਨ ਅਤੇ ਭੋਜਨ ਹੀ ਖਰੀਦ ਰਹੀ ਹਾਂ।

ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਕਰੀਬ 14 ਫੀਸਦੀ ਵਧੀਆਂ

ਆਰਥਿਕ ਖੋਜ ਏਜੰਸੀ ਕੈਪੀਟਲ ਇਕਨੌਮਿਕਸ ਮੁਤਾਬਕ ਉੱਭਰਦੇ ਬਾਜ਼ਾਰਾਂ ’ਚ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਇਸ ਸਾਲ ਕਰੀਬ 14 ਫੀਸਦੀ ਅਤੇ ਵਿਕਸਿਤ ਅਰਥਵਿਵਸਥਾਵਾਂ ’ਚ 7 ਫੀਸਦੀ ਤੋਂ ਜ਼ਿਆਦਾ ਵਧੀਆਂ ਹਨ। ਏਜੰਸੀ ਨੇ ਅਨੁਮਾਨ ਲਗਾਇਆ ਹੈ ਕਿ ਵਧੇਰੇ ਮਹਿੰਗਾਈ ਕਾਰਨ ਵਿਕਸਿਤ ਬਾਜ਼ਾਰਾਂ ’ਚ ਇਸ ਸਾਲ ਅਤੇ ਅਗਲੇ ਸਾਲ ਵੀ ਖਾਣ-ਪੀਣ ਦੀਆਂ ਵਸਤਾਂ ’ਤੇ ਪਰਿਵਾਰਾਂ ਨੂੰ ਵਾਧੂ 7 ਅਰਬ ਡਾਲਰ ਖਰਚ ਕਰਨੇ ਪੈਣਗੇ।

ਇਹ ਵੀ ਪੜ੍ਹੋ : ਘਰ ਖਰੀਦਦਾਰਾਂ ਨੂੰ ਸਮੇਂ ਸਿਰ ਨਹੀਂ ਦਿੱਤਾ ਫਲੈਟ, ਹੁਣ ਵਿਆਜ ਨਾਲ ਦੇਣਾ ਹੋਵੇਗਾ 50 ਕਰੋੜ ਦਾ ਰਿਫੰਡ

2.3 ਅਰਬ ਲੋਕ ਭੁੱਖਮਰੀ ਦੇ ਸ਼ਿਕਾਰ

ਵਰਲਡ ਫੂਡ ਪ੍ਰੋਗਰਾਮ ਅਤੇ ਸੰਯੁਕਤ ਰਾਸ਼ਟਰ ਦੀਆਂ 4 ਹੋਰ ਏਜੰਸੀਆਂ ਦੀ ਗਲੋਬਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ 2.3 ਅਰਬ ਲੋਕਾਂ ਨੂੰ ਗੰਭੀਰ ਜਾਂ ਦਰਮਿਆਨੇ ਪੱਧਰ ਦੀ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ। ਸੂਡਾਨ ’ਚ ਹਾਲਾਤ ਬੇਹੱਦ ਖਰਾਬ ਹਨ, ਜਿੱਥੇ ਮਹਿੰਗਾਈ ਇਸ ਸਾਲ 245 ਫੀਸਦੀ ਦੇ ਅਵਿਸ਼ਵਾਸਯੋਗ ਪੱਧਰ ਤੱਕ ਪੁਹੰਚ ਸਕਦੀ ਹੈ। ਉੱਥੇ ਹੀ ਈਰਾਨ ’ਚ ਵੀ ਮਈ ਮਹੀਨੇ ’ਚ ਚਿਕਨ, ਆਂਡੇ ਅਤੇ ਦੁੱਧ ਦੇ ਰੇਟ 300 ਫੀਸਦੀ ਤੱਕ ਵਧ ਚੁੱਕੇ ਹਨ।

ਕਾਲ, ਸਪਲਾਈ ਚੇਨ ਦੇ ਮੁੱਦੇ, ਊਰਜਾ ਦੇ ਉੱਚੇ ਰੇਟ ਅਤੇ ਖਾਦ ਦੀਆਂ ਕੀਮਤਾਂ ਕਾਰਨ ਦੁਨੀਆ ਭਰ ’ਚ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸ ਦੀ ਸਭ ਤੋਂ ਵੱਧ ਮਾਰ ਵਿਕਾਸਸ਼ੀਲ ਦੇਸ਼ਾਂ ਦੇ ਹੇਠਲੇ ਵਰਗ ਦੇ ਲੋਕਾਂ ’ਤੇ ਪੈ ਰਹੀ ਹੈ ਅਤੇ ਉਨ੍ਹਾਂ ਲਈ ਭਰ ਪੇਟ ਖਾਣ ਦਾ ਇੰਤਜ਼ਾਮ ਕਰਨਾ ਵੀ ਮੁਸ਼ਕਲ ਹੋ ਗਿਆ ਹੈ।

ਇਹ ਵੀ ਪੜ੍ਹੋ : ਨੀਰਵ ਮੋਦੀ ਨੇ ਹਾਂਗਕਾਂਗ 'ਚ 'ਗੁਪਤ' ਰੱਖੀ ਸੀ 253 ਕਰੋੜ ਰੁਪਏ ਦੀ ਜਾਇਦਾਦ, ED ਨੇ ਕੀਤੀ ਜ਼ਬਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News