ਪੈਟਰੋਲ-ਡੀਜ਼ਲ ਅਤੇ ਸੋਨਾ ਖਰੀਦਣ ’ਚ ਲੋਕ ਖ਼ਰਚ ਕਰ ਰਹੇ ਹਨ 2000 ਦੇ ਨੋਟ

Wednesday, Jun 14, 2023 - 10:30 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਬੀਤੇ ਮਹੀਨੇ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। 2000 ਰੁਪਏ ਦੇ ਨੋਟ ਸਰਕੂਲਰ ’ਚੋਂ ਬਾਹਰ ਕਰਨ ਤੋਂ ਬਾਅਦ ਲੋਕ ਆਪਣੇ ਕੋਲ ਮੌਜੂਦ ਇਸ ਮੁੱਲ ਵਰਗ ਦੇ ਨੋਟਾਂ ਦਾ ਇਸਤੇਮਾਲ ਮੁੱਖ ਤੌਰ ’ਤੇ ਈਂਧਨ, ਗਹਿਣੇ ਅਤੇ ਕਰਿਆਨੇ ਦਾ ਸਾਮਾਨ ਖਰੀਦਣ ’ਚ ਕਰ ਰਹੇ ਹਨ। ਇਹ ਗੱਲ ਇਕ ਸਰਵੇਖਣ ’ਚ ਸਾਹਮਣੇ ਆਈ ਹੈ।

ਡੈਸਟੀਨੇਸ਼ਨ ਆਧਾਰਿਤ ਸੋਸ਼ਲ ਨੈੱਟਵਰਕ ਪਬਲਿਕ ਐਪ ਵਲੋਂ ਅਖਿਲ ਭਾਰਤੀ ਪੱਧਰ ’ਤੇ ਕੀਤੇ ਗਏ ਸਰਵੇਖਣ ਮੁਤਾਬਕ 55 ਫ਼ੀਸਦੀ ਲੋਕ ਬੈਂਕ ’ਚ 2,000 ਰਪੁਏ ਦਾ ਨੋਟ ਜਮ੍ਹਾ ਕਰਨ ਦੀ ਯੋਜਨਾ ਬਣਾ ਰਹੇ ਹਨ, ਜਦਕਿ 23 ਫ਼ੀਸਦੀ ਲੋਕ ਇਨ੍ਹਾਂ ਨੂੰ ਖ਼ਰਚ ਕਰਨ ਅਤੇ 22 ਫ਼ੀਸਦੀ ਇਨ੍ਹਾਂ ਨੂੰ ਬੈਂਕ ਵਿਚ ਬਦਲਣ ਲਈ ਤਿਆਰ ਹਨ। ਆਰ. ਬੀ. ਆਈ. ਨੇ 19 ਮਈ ਨੂੰ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ ਲੋਕਾਂ ਨੂੰ ਇਹ ਨੋਟ ਆਪਣੇ ਖਾਤਿਆਂ ’ਚ ਜਮ੍ਹਾ ਕਰਨ ਜਾਂ ਬੈਂਕ ਵਿਚ ਬਦਲਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਇਸ ਸਰਵੇ ’ਚ 22 ਸੂਬਿਆਂ ਦੇ ਇਕ ਲੱਖ ਤੋਂ ਵੱਧ ਲੋਕਾਂ ਦੀ ਰਾਏ ਲਈ ਗਈ। ਸਰਵੇਖਣ ਵਿਚ ਕਿਹਾ ਗਿਆ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਲੋਕ ਪੈਟਰੋਲ-ਡੀਜ਼ਲ, ਸੋਨੇ ਦੇ ਗਹਿਣੇ ਅਤੇ ਰੋਜ਼ਾਨਾ ਦੀ ਵਰਤੋਂ ਵਾਲੇ ਸਾਮਾਨ ਲਈ ਖ਼ਰਚ ਰਹੇ ਹਨ। ਇਹ ਪੁੱਛੇ ਜਾਣ ’ਤੇ ਕੀ ਉਨ੍ਹਾਂ ਨੂੰ ਆਪਣੇ ਨੋਟ ਬਦਲਣ ’ਚ ਦਿੱਕਤ ਆ ਰਹੀ ਸੀ ਸਰਵੇਖਣ ਵਿਚ ਸ਼ਾਮਲ 61 ਫ਼ੀਸਦੀ ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਪ੍ਰਕਿਰਿਆ ਵਿਚ ਕੋਈ ਵੀ ਔਖਿਆਈ ਨਹੀਂ ਹੋਈ। ਕੇਰਲ ’ਚ 75 ਫ਼ੀਸਦੀ ਲੋਕਾਂ ਨੇ ਵੀ ਇਹ ਗੱਲ ਕਹੀ। ਉੱਥੇ ਹੀ ਆਂਧਰਾ ਪ੍ਰਦੇਸ਼ ’ਚ 53 ਫ਼ੀਸਦੀ ਲੋਕਾਂ ਨੇ ਕਿਹਾ ਕਿ ਨੋਟ ਬਦਲਣ ’ਚ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ।


rajwinder kaur

Content Editor

Related News