ਪੇਟੀਐੱਮ ਦੇ ਗਾਹਕ ਰੋਜ਼ ਖਰੀਦ ਰਹੇ ਹਨ 11 ਰੁਪਏ ਦਾ ਸੋਨਾ
Friday, Aug 04, 2017 - 10:22 AM (IST)

ਨਵੀਂ ਦਿੱਲੀ— ਡਿਜੀਟਲ ਵਾਲਿਟ ਸਰਵਿਸ ਦੇਣ ਵਾਲੀ ਪੇਟੀਐੱਮ ਨੇ ਪਿਛਲੇ ਤਿੰਨ ਮਹੀਨਿਆਂ 'ਚ ਆਪਣੇ ਆਨਲਾਈਨ ਪਲੇਟਫਾਰਮ 'ਤੇ 175 ਕਿਲੋਗ੍ਰਾਮ ਸੋਨਾ ਵੇਚਿਆ ਹੈ। ਪੇਟੀਐੱਮ ਨੇ ਅਪ੍ਰੈਲ 'ਚ ਅਕਸ਼ੈ ਤ੍ਰਿਤੀਆ 'ਤੇ ਸੋਨਾ ਵੇਚਣ ਦੀ ਸ਼ੁਰੂਆਤ ਕੀਤੀ ਸੀ। ਇਸ ਲਈ ਪੇਟੀਐਮ ਨੇ ਐੱਮ. ਐੱਮ. ਟੀ. ਸੀ.-ਪੈਮਪ ਨਾਲ ਗਠਜੋੜ ਕੀਤਾ ਹੈ। ਇਸ ਸੇਵਾ ਤਹਿਤ ਗਾਹਕ ਇਕ ਰੁਪਏ 'ਚ ਵੀ ਆਨਲਾਈਨ ਸੋਨਾ ਖਰੀਦ ਸਕਦੇ ਹਨ। ਗਾਹਕ 24 ਕੈਰੇਟ 999.9 ਸ਼ੁੱਧਤਾ ਦਾ ਸੋਨਾ ਖਰੀਦ ਸਕਦੇ ਹਨ ਅਤੇ ਉਸ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਐੱਮ. ਐÎਮ. ਟੀ. ਸੀ.-ਪੈਮਪ ਦੇ ਲਾਕਰ 'ਚ ਸੁਰੱਖਿਅਤ ਰੱਖ ਸਕਦੇ ਹਨ।
ਪੇਟੀਐੱਮ ਦੇ ਉੱਚ ਉਪ ਪ੍ਰਧਾਨ ਕ੍ਰਿਸ਼ਣਾ ਨੇ ਦੱਸਿਆ ਕਿ 25 ਤੋਂ 35 ਸਾਲ ਦੀ ਉਮਰ ਵਾਲੇ ਲੋਕ ਜ਼ਿਆਦਾ ਸੋਨਾ ਖਰੀਦ ਰਹੇ ਹਨ। ਪੇਟੀਐੱਮ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ 'ਚ ਉਹ 5 ਟਨ ਸੋਨਾ ਵੇਚ ਲਵੇਗਾ। ਜਿਸ ਦਾ ਮੁੱਲ ਮੌਜੂਦਾ ਕੀਮਤ ਦੇ ਆਧਾਰ 'ਤੇ 1300 ਕਰੋੜ ਰੁਪਏ ਹੈ। ਉਨ੍ਹਾਂ ਨੇ ਦੱਸਿਆ ਕਿ ਗਾਹਕ ਹੌਲੀ-ਹੌਲੀ ਪਲੇਫਾਰਮ 'ਤੇ ਜ਼ਿਆਦਾ ਸੋਨਾ ਖਰੀਦਣ 'ਚ ਰੁਚੀ ਦਿਖਾ ਰਹੇ ਹਨ। ਜਦੋਂ ਤੋਂ ਇਹ ਸੇਵਾ ਲਾਂਚ ਹੋਈ ਹੈ ਉਦੋਂ ਤੋਂ ਇਕ ਗਾਹਕ ਪ੍ਰਤੀਦਿਨ 11 ਰੁਪਏ ਦਾ ਸੋਨਾ ਖਰੀਦ ਰਿਹਾ ਹੈ। ਕੁਝ ਗਾਹਕ ਪ੍ਰਤੀ ਮਹੀਨੇ ਇਕ ਗ੍ਰਾਮ ਸੋਨਾ ਖਰੀਦ ਕੇ ਨਿਵੇਸ਼ ਕਰ ਰਹੇ ਹਨ। ਕੁਝ ਗਾਹਕ 20 ਲੱਖ ਰੁਪਏ ਦਾ ਵੀ ਸੋਨਾ ਖਰੀਦ ਰਹੇ ਹਨ।