Punjab: ਵਿਆਹ ''ਚ ਕੋਟ-ਪੈਂਟ ਪਾ ਕੇ ਆ ਗਏ ਚੋਰ! ਸ਼ਗਨਾਂ ਵਾਲੇ ਲਿਫ਼ਾਫੇ, ਨਕਦੀ ਤੇ ਸੋਨਾ ਲੈ ਹੋਏ ਫ਼ਰਾਰ
Sunday, Aug 31, 2025 - 05:01 PM (IST)

ਲੁਧਿਆਣਾ (ਤਰੁਣ): ਫਿਰੋਜ਼ਪੁਰ ਰੋਡ ਪੀ.ਏ.ਯੂ. ਗੇਟ ਨੰਬਰ 2 ਦੇ ਸਾਹਮਣੇ ਸਥਿਤ ਲੀ ਬੈਰਨ ਹੋਟਲ ਵਿਚ ਇਕ ਰਿਸੈਪਸ਼ਨ ਦੌਰਾਨ ਕਾਲਾ ਕੋਟ-ਪੈਂਟ ਪਾ ਕੇ ਆਏ ਇਕ ਚੋਰ ਨੇ ਸਟੇਜ ਦੇ ਸਾਹਮਣੇ ਦੇ ਟੇਬਲ 'ਤੇ ਰੱਖੇ 2 ਪਰਸ ਚੋਰੀ ਕਰ ਲਏ। ਪਰਸ ਵਿਚ ਤਕਰੀਬਨ 3 ਲੱਖ ਰੁਪਏ ਨਕਦੀ, ਸ਼ਗਨ ਦੇ ਲਿਫ਼ਾਫੇ, ਸੋਨੇ ਤੇ ਚਾਂਦੀ ਦੇ ਗਹਿਣੇ ਸਨ। ਸ਼ਾਤਿਰ ਚੋਰ ਨੇ ਕੁਝ ਹੀ ਮਿੰਟਾਂ ਵਿਚ ਬੜੀ ਸਫ਼ਾਈ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਵਿਚ ਉਸ ਦੇ 2 ਹੋਰ ਸਾਥੀ ਵੀ ਸ਼ਾਮਲ ਸਨ। ਪੀੜਤ ਨੇ ਇਸ ਵਿਚ ਲੀ ਬੈਰਨ ਹੋਟਲ ਦੇ ਵੇਟਰ ਤੇ ਮੁਲਾਜ਼ਮਾਂ ਦੇ ਰਲ਼ੇ ਹੋਣ ਦੇ ਦੋਸ਼ ਲਗਾਏ ਹਨ। ਸੂਚਨਾ ਮਿਲਣ 'ਤੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਮੌਕੇ 'ਤੇ ਪਹੁੰਚੀ।
ਭਾਈ ਰਣਧੀਰ ਸਿੰਘ ਨਗਰ ਵਾਸੀ ਪੀੜਤ ਨਰਿੰਦਰ ਕੁਮਾਰ ਨੇ ਦੱਸਿਆ ਕਿ ਤਕਰੀਬਨ ਇਕ ਮੀਹਨਾ ਪਹਿਲਾਂ ਉਸ ਦੀ ਧੀ ਵੰਦਨਾ ਦਾ ਵਿਆਹ ਯੂਰੋਪ ਦੇ ਸਾਈਪ੍ਰਸ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦੇ ਨਾਲ ਹੋਇਆ ਹੈ। ਵਿਆਹ ਮਗਰੋਂ ਧੀ-ਜਵਾਈ ਲੁਧਿਆਣਾ ਆਏ ਤਾਂ ਇਸ ਖ਼ੁਸ਼ੀ ਵਿਚ ਉਨ੍ਹਾਂ ਨੇ 29 ਅਗਸਤ ਨੂੰ ਵਿਆਹ ਦੀ ਰਿਸੈਪਸ਼ਨ ਫਿਰੋਜ਼ਪੁਰ ਰੋਡ ਸਥਿਤ ਹੋਟਲ ਲੀ ਬੈਰਨ ਵਿਚ ਰੱਖੀ ਸੀ।
ਇਹ ਖ਼ਬਰ ਵੀ ਪੜ੍ਹੋ - Breaking News: ਹੜ੍ਹਾਂ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਇਸ ਵਿਚ ਕਾਫ਼ੀ ਮਹਿਮਾਨ ਤੇ ਰਿਸ਼ਤੇਦਾਰ ਸ਼ਾਮਲ ਹੋਏ। ਜਦੋਂ ਉਸ ਦੀ ਪਤਨੀ ਸੁਨੀਤਾ ਰਿਸ਼ਤੇਦਾਰਾਂ ਨੂੰ ਮਿਲਣ-ਜੁਲਣ ਵਿਚ ਮਸਰੂਫ਼ ਸੀ ਤਾਂ ਕਾਲੇ ਰੰਗ ਦਾ ਕੋਟ-ਪੈਂਟ ਪਾਏ ਇਕ ਚੋਰ ਨੇ ਉਸ ਦੀ ਪਤਨੀ ਤੇ ਭਾਭੀ ਦਾ ਪਰਸ ਚੋਰੀ ਕਰ ਲਿਆ ਤੇ ਤੁਰੰਤ ਹੋਟਲ ਤੋਂ ਬਾਹਰ ਨਿਕਲ ਗਿਆ। ਪਰਸ ਵਿਚ ਤਕਰੀਬਨ 3 ਲੱਖ ਰੁਪਏ ਨਕਦ, 30 ਤੋਂ ਵੱਧ ਸ਼ਗਨ ਦੇ ਲਿਫ਼ਾਫੇ, 3 ਸੋਨੇ ਦੀਆਂ ਮੁੰਦਰੀਆਂ ਤੇ ਚਾਂਦੀ ਦੇ ਗਹਿਣੇ ਸਨ। ਉਸ ਦੀ ਭਾਬੀ ਨੇਹਾ ਦੇ ਪਰਸ ਵਿਚ ਵੀ ਹਜ਼ਾਰਾਂ ਰੁਪਏ ਸਨ।
ਚੋਰੀ ਦੀ ਘਟਨਾ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਹੋ ਗਈ ਹੈ। ਇਸ ਵਿਚ ਕਾਲੇ ਰੰਗ ਦਾ ਕੋਟ ਪੈਂਟ ਪਾਈ ਇਕ ਚੋਰ ਪਰਸ ਚੋਰੀ ਕਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ। ਚੋਰ ਨੇ ਬੜੀ ਸਫ਼ਾਈ ਨਾਲ ਟੇਬਲ 'ਤੇ ਪਏ ਦੋਵੇਂ ਪਰਸ ਕੋਟ ਦੇ ਥੱਲੇ ਲੁਕਾ ਲਏ ਤੇ ਬੜੇ ਆਰਾਮ ਨਾਲ ਹੋਟਲ ਤੋਂ ਬਾਹਰ ਨਿਕਲ ਕੇ ਫ਼ਰਾਰ ਹੋ ਗਿਆ। ਪੀੜਤ ਨਰਿੰਦਰ ਦਾ ਕਹਿਣਾ ਹੈ ਕਿ ਚੋਰ ਦੇ 2 ਹੋਰ ਸਾਥੀ ਹੋਟਲ ਦੇ ਬਾਹਰ ਖੜ੍ਹੇ ਇੰਤਜ਼ਾਰ ਕਰ ਰਹੇ ਸਨ। ਜਦਕਿ ਉਨ੍ਹਾਂ ਨੇ ਹੋਟਲ ਦੇ ਅੰਦਰ ਕੰਮ ਕਰ ਰਰਹੇ ਵੇਟਰ ਤੇ ਹੋਰ ਸਟਾਫ਼ 'ਤੇ ਵਾਰਦਾਤ ਵਿਚ ਸ਼ਾਮਲ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਜਾਂਚ ਅਧਿਕਾਰੀ ਮੋਹਨ ਲਾਲ ਨੇ ਦੱਸਿਆ ਕਿ ਪੁਲਸ ਨੇ ਨਰਿੰਦਰ ਕੁਮਾਰ ਦੇ ਬਿਆਨ 'ਤੇ ਅਣਪਛਾਤੇ ਚੋਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਮੋਹਨ ਲਾਲ ਨੇ ਦੱਸਿਆ ਕਿ ਹੋਟਲ ਲੀ ਬੈਰਨ ਵਿਚ ਫੰਕਸ਼ਨ ਦੌਰਾਨ ਇਕ ਚੋਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਹੋਟਲ ਮੈਨੇਜਮੈਂਟ ਨੂੰ ਸੀ. ਸੀ. ਟੀ. ਵੀ. ਫੁਟੇਜ ਦੇਣ ਲਈ ਕਿਹਾ ਹੈ। ਜਲਦੀ ਹੀ ਉਨ੍ਹਾਂ ਨੂੰ ਸੀ. ਸੀ. ਟੀ.ਵੀ. ਫੁਟੇਜ ਮਿਲ ਜਾਵੇਗੀ। ਜਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਚੋਰਾਂ ਦੀ ਗਿਣਤੀ ਇਕ ਤੋਂ ਵੱਧ ਹੈ। ਫ਼ਿਲਹਾਲ ਪੁਲਸ ਦੇ ਹੱਥ ਖ਼ਾਲੀ ਹਨ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8