ਜ਼ਮੀਨੀ ਝਗੜੇ ''ਚ ਫ਼ੈਸਲਾ ਕਰਵਾਉਣ ਦੇ ਨਾਂ ’ਤੇ ਮੁਨਸ਼ੀ ਨੇ 4.50 ਲੱਖ ਰੁਪਏ ਠੱਗੇ
Thursday, Sep 11, 2025 - 03:58 PM (IST)

ਫ਼ਿਰੋਜ਼ਪੁਰ (ਪਰਮਜੀਤ ਸੋਢੀ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ 'ਚ ਚੱਲ ਰਹੇ ਜ਼ਮੀਨੀ ਕੇਸ ਦਾ ਫ਼ੈਸਲਾ ਇਕ ਵਿਅਕਤੀ ਦੇ ਹੱਕ 'ਚ ਕਰਵਾਉਣ ਦਾ ਝਾਂਸਾ ਦੇ ਕੇ 4 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਵਕੀਲ ਦੇ ਮੁਨਸ਼ੀ ਖ਼ਿਲਾਫ਼ ਥਾਣਾ ਛਾਉਣੀ ਫ਼ਿਰੋਜ਼ਪੁਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧ 'ਚ ਜ਼ਿਲ੍ਹਾ ਕਚਹਿਰੀ ਦੇ ਵਕੀਲ ਜਸਦੀਪ ਕੰਬੋਜ਼ ਨੇ ਵੀ ਉਕਤ ਮੁਨਸ਼ੀ ਖ਼ਿਲਾਫ ਸ਼ਿਕਾਇਤ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਛਾਉਣੀ ਫ਼ਿਰੋਜ਼ਪੁਰ ਦੇ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਮੇਕੂ ਪੁੱਤਰ ਸਰਾਜ ਵਾਸੀ ਲਾਲ ਕੁੜਤੀ ਫ਼ਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਰਵੀ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਬਸਤੀ ਬੋਰੀਆਂ ਵਾਲੀ ਬਾਰਡ ਰੋਡ ਅਜੀਤ ਨਗਰ ਫ਼ਿਰੋਜ਼ਪੁਰ ਵਕੀਲ ਜਸਦੀਪ ਕੰਬੋਜ਼ ਦਾ ਮੁਨਸ਼ੀ ਹੈ। ਮੁਨਸ਼ੀ ਨੇ ਉਸ ਦੀ ਜ਼ਮੀਨ ਦਾ ਕੇਸ, ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ 'ਚ ਚੱਲ ਰਿਹਾ ਹੈ, ਦਾ ਫ਼ੈਸਲਾ ਉਸਦੇ ਪਰਿਵਾਰ ਦੇ ਹੱਕ ਵਿਚ ਕਰਵਾਉਣ ਦਾ ਝਾਂਸਾ ਦੇ ਕੇ ਵੱਖ-ਵੱਖ ਤਾਰੀਖ਼ਾਂ ’ਤੇ ਹਾਈਕੋਰਟ ਦੇ ਵਕੀਲ ਦੇ ਨਾਂ ’ਤੇ 4 ਲੱਖ 50 ਹਜ਼ਾਰ ਰੁਪਏ ਲੈ ਕੇ ਠੱਗੀ ਮਾਰੀ ਹੈ। ਮਾਮਲੇ ਦੀ ਜਾਂਚ ਕਰ ਰਹੇ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ਵਿਚ ਰਵੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।