1,000 ਤੋਂ ਵੱਧ ਲੋਕਾਂ ਦੀ ਭਰਤੀ ਕਰ ਰਹੀ ਹੈ ਪੇਟੀਐੱਮ, ਤੁਹਾਡੇ ਕੋਲ ਹੈ ਮੌਕਾ
Wednesday, Aug 26, 2020 - 06:59 PM (IST)

ਨਵੀਂ ਦਿੱਲੀ— ਮੋਬਾਇਲ ਰੀਚਾਰਜ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਭੁਗਤਾਨਾਂ ਲਈ ਪ੍ਰਸਿੱਧ ਕੰਪਨੀ ਪੇਟੀਐੱਮ ਨੇ ਬੁੱਧਵਾਰ ਨੂੰ ਕਿਹਾ ਕਿ ਉਹ 1,000 ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਦੇਣ ਦੀ ਪ੍ਰਕਿਰਿਆ 'ਚ ਹੈ। ਇਹ ਨਵੀਆਂ ਭਰਤੀਆਂ ਵੱਖ-ਵੱਖ ਸ਼੍ਰੇਣੀਆਂ 'ਚ ਕਾਰੋਬਾਰ ਨੂੰ ਵਿਸਥਾਰ ਦੇਣ ਲਈ ਕੀਤੀਆਂ ਜਾ ਰਹੀਆਂ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਅਗਲੇ ਕੁਝ ਮਹੀਨਿਆਂ 'ਚ ਕੰਪਨੀ ਵੱਖ-ਵੱਖ ਅਹੁਦਿਆਂ 'ਤੇ ਇਹ ਨਿਯੁਕਤੀਆਂ ਕਰੇਗੀ।
ਇਸ 'ਚ ਇੰਜੀਨੀਅਰ, ਅੰਕੜਾ ਵਿਗਿਆਨ, ਵਿੱਤੀ ਵਿਸ਼ਲੇਸ਼ਕਾਂ ਦੇ ਨਾਲ-ਨਾਲ ਹੋਰ ਤਕਨੀਕੀ ਅਤੇ ਗੈਰ-ਤਕਨੀਕੀ ਨੌਕਰੀਆਂ ਸ਼ਾਮਲ ਹਨ।
ਕੰਪਨੀ ਨੇ ਕਿਹਾ ਕਿ ਉਹ ਆਪਣੀ ਵਿੱਤੀ ਅਤੇ ਸੰਪਤੀ ਪ੍ਰਬੰਧਨ ਸੇਵਾਵਾਂ ਦਾ ਤੇਜ਼ੀ ਨਾਲ ਵਿਸਥਾਰ ਕਰ ਰਹੀ ਹੈ ਅਤੇ ਇਸ ਲਈ ਉਸ ਨੇ ਕੰਪਨੀ 'ਚ ਨਿਯੁਕਤੀਆਂ ਦੀ ਰਫਤਾਰ ਵਧਾਈ ਹੈ। ਪੇਟੀਐਮ ਅਤੇ ਉਸ ਦੀ ਸਮੂਹ ਕੰਪਨੀਆਂ ਕਰਜ਼, ਬੀਮਾ, ਸੰਪਤੀ ਪ੍ਰਬੰਧਨ ਅਤੇ ਆਫਲਾਈਨ ਭੁਗਤਾਨ ਵਰਗੀਆਂ ਸੇਵਾਵਾਂ 'ਚ ਆਪਣਾ ਸੰਚਾਲਨ ਵਧਾ ਰਹੀ ਹੈ। ਕੰਪਨੀ ਦਿੱਲੀ, ਐੱਨ. ਸੀ. ਆਰ., ਮੁੰਬਈ ਅਤੇ ਬੇਂਗਲੁਰੂ 'ਚ ਵੀ ਲੋਕਾਂ ਦੀ ਭਰਤੀ ਕਰੇਗੀ। ਕੰਪਨੀ ਨੇ ਕਿਹਾ ਕਿ ਉਹ ਪਿਛਲੇ ਚਾਰ ਮਹੀਨਿਆਂ 'ਚ 700 ਲੋਕਾਂ ਦੀ ਭਰਤੀ ਕਰ ਚੁੱਕੀ ਹੈ।