ਬਾਬਾ ਰਾਮਦੇਵ ਕਰਨ ਜਾ ਰਹੇ ਹਨ ਵੱਡਾ ਐਲਾਨ, ਪਤੰਜਲੀ ਗਰੁੱਪ ਦੀਆਂ ਕੰਪਨੀਆਂ ਦੇ ਆਉਣਗੇ IPO
Friday, Sep 16, 2022 - 11:07 AM (IST)
ਨਵੀਂ ਦਿੱਲੀ– ਸ਼ੇਅਰ ਬਾਜ਼ਾਰ ’ਚ ਯੋਗ ਗੁਰੂ ਬਾਬਾ ਰਾਮਦੇਵ ਵੱਡਾ ਧਮਾਕਾ ਕਰਨ ਜਾ ਰਹੇ ਹਨ। ਬਾਬਾ ਰਾਮਦੇਵ ਪਤੰਜਲੀ ਗਰੁੱਪ ਦੀਆਂ 5 ਕੰਪਨੀਆਂ ਦੇ ਆਈ. ਪੀ. ਓ. ਲਿਆਉਣ ਦੀ ਯੋਜਨਾ ਬਣਾ ਰਹੇ ਹਨ। ਇਕ ਰਿਪੋਰਟ ਮੁਤਾਬਕ ਰਾਮਦੇਵ ਇਸ ਸਬੰਧ ’ਚ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਨਗੇ। ਇਸ ’ਚ ਪਤੰਜਲੀ ਗਰੁੱਪ ਦੀਆਂ ਕੰਪਨੀਆਂ ਦੇ ਆਈ. ਪੀ. ਓ. ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਰਾਮਦੇਵ ਅਗਲੇ 5 ਸਾਲਾਂ ’ਚ ਇਹ ਆਈ. ਪੀ. ਓ. ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਨਾਲ ਰਾਮਦੇਵ ਆਪਣੀ ਕਾਰਪੋਰੇਟ ਪ੍ਰਫਾਰਮੈਂਸ ਨੂੰ ਨਵੀਆਂ ਉਚਾਈਆਂ ਦੇਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਇਕ ਇੰਟਰਵਿਊ ’ਚ ਰਾਮਦੇਵ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਤੰਜਲੀ ਆਯੁਰਵੇਦ, ਪਤੰਜਲੀ ਲਾਈਫਸਟਾਈਲ, ਪਤੰਜਲੀ ਵੈੱਲਨੈੱਸ ਅਤੇ ਪਤੰਜਲੀ ਮੈਡੀਸਨ ਦੇ ਆਈ. ਪੀ. ਓ. ਲਾਂਚ ਕਰਨ ਦੀ ਯੋਜਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੈੱਸ ਕਾਨਫਰੰਸ ’ਚ ਬਾਬਾ ਰਾਮਦੇਵ ਸਮੂਹ ਦੀਆਂ ਪੰਜ ਕੰਪਨੀਆਂ ਦੇ ਅਗਲੇ 5 ਸਾਲਾਂ ’ਚ 5 ਨਵੇਂ ਆਈ. ਪੀ. ਓ. ਬਾਰੇ ਜਾਣਕਾਰੀ ਦੇਣਗੇ। ਇਕ ਪ੍ਰੈੱਸ ਇਨਵਿਟੇਸ਼ਨ ’ਚ ਪਤੰਜਲੀ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਵਾਮੀ ਰਾਮਦੇਵ ਨਵੀਂ ਦਿੱਲੀ ’ਚ 16 ਸਤੰਬਰ ਨੂੰ ਇਕ ਅਹਿਮ ਪ੍ਰੈੱਸ ਕਾਨਫਰੰਸ ਆਯੋਜਿਤ ਕਰਨਗੇ।
ਇਨਵਿਟੇਸ਼ਨ ’ਚ ਅੱਗੇ ਕਿਹਾ ਕਿ ਮਜ਼ਬੂਤ ਅਤੇ ਤੰਦਰੁਸਤ ਭਾਰਤ ਦੀ ਦਿਸ਼ਾ ’ਚ ਪਤੰਜਲੀ ਅਤੇ ਉਸ ਦੇ ਸਵਦੇਸ਼ੀ ਅੰਦੋਲਨ ਨੂੰ ਬਦਨਾਮ ਕਰਨ ਵਾਲੀਆਂ ਸਾਜਿਸ਼ਾਂ ਦਾ ਵੀ ਇਸ ਕਾਨਫਰੰਸ ’ਚ ਪਰਦਾਫਾਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾਬਾ ਰਾਮਦੇਵ ਪਤੰਜਲੀ ਸਮੂਹ ਦੇ ਵਿਜ਼ਨ ਅਤੇ ਮਿਸ਼ਨ 2027 ਦੀ ਰੂਪ-ਰੇਖਾ ਵੀ ਰੱਖਣਗੇ। ਨਾਲ ਹੀ ਉਹ ਭਾਰਤ ਨੂੰ ਆਤਮ ਨਿਰਭਰ ਬਣਾਉਣ ’ਚ ਸਮੂਹ ਦੀ 5 ਸਾਲਾਂ ਲਈ 5 ਪ੍ਰਮੁੱਖ ਤਰਜੀਹਾਂ ਅਤੇ ਟੀਚਿਆਂ ਬਾਰੇ ਦੱਸਣਗੇ।