ਯਾਤਰੀ ਵਾਹਨਾਂ ਦੀ ਵਿਕਰੀ ਜੁਲਾਈ-ਅਗਸਤ ਤੱਕ ਫੜ ਸਕਦੀ ਹੈ ਰਫਤਾਰ : ਟਾਟਾ ਮੋਰਸ

01/27/2020 8:45:37 PM

ਇੰਦੌਰ (ਮੱਧ ਪ੍ਰਦੇਸ਼) (ਭਾਸ਼ਾ)-ਪ੍ਰਮੁੱਖ ਵਾਹਨ ਕੰਪਨੀ ਟਾਟਾ ਮੋਟਰਸ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਗਾਹਕਾਂ ਨੂੰ ਬੈਂਕਾਂ ਤੋਂ ਵਾਹਨ ਲਈ ਕਰਜ਼ਾ ਮਿਲਣ ’ਚ ਪ੍ਰੇਸ਼ਾਨੀ ਅਤੇ ਬੀ. ਐੱਸ.-4 ਤੋਂ ਬੀ. ਐੱਸ.-6 ਨਿਕਾਸੀ ਮਿਆਰ ਲਾਗੂ ਹੋਣ ਨਾਲ ਸਮੁੱਚਾ ਵਾਹਨ ਉਦਯੋਗ ਸੁਸਤੀ ਨਾਲ ਜੂਝ ਰਿਹਾ ਹੈ। ਹਾਲਾਂਕਿ ਅਧਿਕਾਰੀ ਨੇ ਕਿਹਾ ਕਿ ਅਗਲੇ ਤਿਉਹਾਰੀ ਮੌਸਮ ਤੋਂ ਪਹਿਲਾਂ ਜੁਲਾਈ-ਅਗਸਤ ਤੱਕ ਯਾਤਰੀ ਗੱਡੀਆਂ ਦੀ ਵਿਕਰੀ ਰਫਤਾਰ ਫੜ ਸਕਦੀ ਹੈ। ਟਾਟਾ ਮੋਟਰਸ ਦੇ ਪ੍ਰਧਾਨ (ਯਾਤਰੀ ਵਾਹਨ ਕਾਰੋਬਾਰ) ਮਿਅੰਕ ਪਾਰਿਕ ਨੇ ਕੰਪਨੀ ਦੀ ਨਵੀਂ ਕਾਰ ‘ਅਲਟਰੋਜ਼’ ਨੂੰ ਸੂਬੇ ਦੇ ਬਾਜ਼ਾਰ ’ਚ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਉਮੀਦ ਪ੍ਰਗਟਾਈ ਕਿ ਦੇਸ਼ ’ਚ ਬੁਨਿਆਦੀ ਢਾਂਚੇ ’ਚ ਲਗਾਤਾਰ ਵਿਸਥਾਰ ਅਤੇ ਨੌਜਵਾਨ ਪੇਸ਼ੇਵਰਾਂ ਦੀ ਵਧਦੀ ਆਬਾਦੀ ਕਾਰਣ ਵਾਹਨਾਂ ਦਾ ਬਾਜ਼ਾਰ ਵਧੇਗਾ।

ਪਾਰਿਕ ਨੇ ਕਿਹਾ ਕਿ ਦੇਸ਼ ’ਚ ਲਗਭਗ 74 ਫ਼ੀਸਦੀ ਗਾਹਕ ਬੈਂਕਾਂ ਤੋਂ ਕਰਜ਼ਾ ਲੈ ਕੇ ਕਾਰ ਖਰੀਦਦੇ ਹਨ ਪਰ ਪਿਛਲੇ 12 ਤੋਂ 18 ਮਹੀਨਿਆਂ ਦੌਰਾਨ ਗਾਹਕਾਂ ਨੂੰ ਬੈਂਕਾਂ ਤੋਂ ਵਾਹਨ ਲਈ ਕਰਜ਼ਾ ਲੈਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ. ਐੱਸ.-4 ਤੋਂ ਬੀ. ਐੱਸ.-6 ਦੇ ਨਿਕਾਸੀ ਮਿਆਰ ’ਚ ਬਦਲਾਅ ਕਾਰਨ ਵੀ ਸਮੁੱਚੇ ਵਾਹਨ ਉਦਯੋਗ ’ਚ ਥੋੜ੍ਹੀ ਸੁਸਤੀ ਦਰਜ ਕੀਤੀ ਗਈ ਹੈ, ਕਿਉਂਕਿ ਫਿਲਹਾਲ ਸਾਰੇ ਵਾਹਨ ਨਿਰਮਾਤਾ ਬੀ. ਐੱਸ.-4 ਸ਼੍ਰੇਣੀ ਵਾਲੇ ਵਾਹਨਾਂ ਦਾ ਆਪਣਾ ਪੁਰਾਣਾ ਸਟਾਕ ਖਤਮ ਕਰਨ ’ਚ ਲੱਗੇ ਹਨ। ਪਾਰਿਕ ਨੇ ਇਸ ਸਿਲਸਿਲੇ ’ਚ ਟਾਟਾ ਮੋਟਰਸ ਦੀ ਸਥਿਤੀ ਦਾ ਵੇਰਵਾ ਦਿੰਦਿਆਂ ਦੱਸਿਆ, ‘‘ਅਸੀਂ ਚਾਲੂ ਵਿੱਤੀ ਸਾਲ ਦੇ ਸ਼ੁਰੂਆਤੀ 9 ਮਹੀਨਿਆਂ (ਅਪ੍ਰੈਲ-ਦਸੰਬਰ) ’ਚ ਆਪਣੇ ਕਾਰਖਾਨਿਆਂ ’ਚ ਬੀ. ਐੱਸ.-4 ਸ਼੍ਰੇਣੀ ਵਾਲੇ ਵਾਹਨਾਂ ਦਾ ਸਟਾਕ ਖਤਮ ਕਰ ਦਿੱਤਾ ਹੈ। ਸਾਨੂੰ ਉਮੀਦ ਹੈ ਕਿ 1 ਫਰਵਰੀ ਤੱਕ ਸਾਡੇ ਡੀਲਰਾਂ ਕੋਲ ਇਸ ਸ਼੍ਰੇਣੀ ਦੇ ਵਾਹਨਾਂ ਦਾ ਸਟਾਕ ਘਟ ਕੇ 5,000 ਇਕਾਈਆਂ ਤੋਂ ਵੀ ਘੱਟ ਰਹਿ ਜਾਵੇਗਾ।’’


Karan Kumar

Content Editor

Related News