ਇਹ IPO ਖੁੱਲ੍ਹਦੇ ਹੀ ਕੁਝ ਮਿੰਟਾਂ 'ਚ ਪੂਰਾ ਸਬਸਕ੍ਰਾਈਬ, ਜਾਣੋ ਪ੍ਰਾਈਸ ਬੈਂਡ
Tuesday, Sep 21, 2021 - 11:57 AM (IST)
ਨਵੀਂ ਦਿੱਲੀ- ਰੱਖਿਆ ਅਤੇ ਪੁਲਾੜ ਇੰਜੀਨੀਅਰਿੰਗ ਖੇਤਰ ਦੀ ਕੰਪਨੀ ਪਾਰਸ ਡਿਫੈਂਸ ਦਾ ਆਈ. ਪੀ. ਓ. ਮੰਗਲਵਾਰ ਨੂੰ ਬੋਲੀ ਲਈ ਖੁੱਲ੍ਹ ਗਿਆ ਹੈ। ਇਸ ਆਈ. ਪੀ. ਓ. ਦਾ ਇਸ਼ੂ ਖੁੱਲ੍ਹਣ ਦੇ ਕੁਝ ਮਿੰਟਾਂ ਵਿਚ ਹੀ ਪੂਰੀ ਤਰ੍ਹਾਂ ਸਬਸਕ੍ਰਾਈਬ ਵੀ ਹੋ ਚੁੱਕਾ ਹੈ। ਇਸ ਇਸ਼ੂ ਜ਼ਰੀਏ ਕੰਪਨੀ 170.78 ਕਰੋੜ ਰੁਪਏ ਜੁਟਾਏਗੀ। ਕੰਪਨੀ ਨੇ ਇਸ਼ੂ ਦਾ ਪ੍ਰਾਈਸ ਬੈਂਡ 165-175 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ।
ਨਿਵੇਸ਼ਕ 23 ਸਤੰਬਰ ਤੱਕ ਇਸ ਆਈ. ਪੀ. ਓ. ਵਿਚ ਨਿਵੇਸ਼ ਲਈ ਬੋਲੀ ਲਾ ਸਕਣਗੇ। ਕੰਪਨੀ ਦੇ ਸ਼ੇਅਰ 1 ਅਕਤੂਬਰ 2021 ਨੂੰ ਸੂਚੀਬੱਧ ਹੋਣਗੇ।
ਪਾਰਸ ਡਿਫੈਂਸ ਇਸ ਇਸ਼ ਵਿਚ 140.60 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਜਾਰੀ ਕਰੇਗੀ, ਜਦੋਂ ਕਿ 30.18 ਕਰੋੜ ਰੁਪਏ ਦੇ ਸ਼ੇਅਰ ਆਫਰ ਫਾਰ ਸੇਲ (ਓ. ਐੱਫ. ਐੱਸ.) ਤਹਿਤ ਵੇਚੇ ਜਾਣਗੇ, ਜਿਸ ਵਿਚ ਮੌਜੂਦਾ ਪ੍ਰਮੋਟਰਜ਼ ਤੇ ਸ਼ੇਅਰ ਹੋਲਡਰਜ਼ ਆਪਣੀ ਹਿੱਸੇਦਾਰੀ ਵੇਚਣਗੇ। ਕੰਪਨੀ ਨੇ ਆਈ. ਪੀ. ਓ. ਖੁੱਲ੍ਹਣ ਦੇ ਇਕ ਦਿਨ ਪਹਿਲਾਂ ਯਾਨੀ 20 ਸਤੰਬਰ ਨੂੰ ਪੰਜ ਐਂਕਰ ਨਿਵੇਸ਼ਕਾਂ ਤੋਂ 51.23 ਕਰੋੜ ਰੁਪਏ ਜੁਟਾਏ ਹਨ। ਪਾਰਸ ਡਿਫੈਂਸ ਦਾ ਇਸ਼ੂ ਖੁੱਲ੍ਹਣ ਤੋਂ ਪਹਿਲਾਂ 20 ਸਤੰਬਰ ਨੂੰ ਇਸ ਦਾ ਗ੍ਰੇ ਮਾਰਕੀਟ ਵਿਚ ਸ਼ੇਅਰ 220 ਰੁਪਏ ਪ੍ਰੀਮੀਅਮ 'ਤੇ ਟ੍ਰੇਡਿੰਗ ਕਰ ਰਿਹਾ ਸੀ। ਇਸ ਹਿਸਾਬ ਨਾਲ ਦੇਖੀਏ ਤਾਂ ਸ਼ੇਅਰ ਗ੍ਰੇ ਮਾਰਕੀਟ ਵਿਚ 395 (175+220) ਰੁਪਏ 'ਤੇ ਟ੍ਰੇਡ ਕਰ ਰਹੇ ਹਨ। ਪਾਰਸ ਡਿਫੈਂਸ ਇਸ ਇਸ਼ੂ ਜ਼ਰੀਏ ਜੁਟਾਏ ਫੰਡ ਦਾ ਇਸਤੇਮਾਲ ਕਰਜ਼ ਚੁਕਾਉਣ ਅਤੇ ਕਾਰੋਬਾਰ ਵਧਾਉਣ ਵਿਚ ਕਰੇਗੀ। ਇਸ ਆਈ. ਪੀ. ਓ. ਵਿਚ 35 ਫ਼ੀਸਦੀ ਹਿੱਸਾ ਰਿਜ਼ਰਵ ਹੈ।