ਵਿੱਤੀ ਸਾਲ 2027 ਤੱਕ ਦੇਸ਼ ’ਚ ਕਾਗਜ਼ ਦੀ ਖਪਤ 3 ਕਰੋੜ ਟਨ ਹੋਵੇਗੀ : IPMA
Sunday, May 08, 2022 - 11:32 AM (IST)
ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ ਕਾਗਜ਼ ਦੀ ਖਪਤ ’ਚ 6 ਤੋਂ 7 ਫੀਸਦੀ ਦਾ ਸਾਲਾਨਾ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਵਿੱਤੀ ਸਾਲ 2026-27 ਤੱਕ ਤਿੰਨ ਕਰੋੜ ਟਨ ਹੋਣ ਜਾਣ ਦੀ ਸੰਭਾਵਨਾ ਹੈ। ਉਦਯੋਗ ਸੰਸਥਾ ਆਈ. ਪੀ. ਐੱਮ. ਏ. ਮੁਤਾਬਕ ਇਹ ਵਾਧਾ ਮੁੱਖ ਤੌਰ ’ਤੇ ਸਿੱਖਿਆ ਅਤੇ ਸਾਖਰਤਾ ’ਤੇ ਜ਼ੋਰ ਦਿੱਤੇ ਜਾਣ ਦੇ ਨਾਲ-ਨਾਲ ਸੰਗਠਿਕ ਪ੍ਰਚੂਨ ਖੇਤਰ ’ਚ ਹੋਏ ਵਾਧੇ ਤੋਂ ਪ੍ਰੇਰਿਤ ਹੈ।
ਭਾਰਤੀ ਕਾਗਜ਼ ਨਿਰਮਾਤਾ ਸੰਘ (ਆਈ. ਪੀ. ਐੱਮ. ਏ.) ਨੇ ਕਿਹਾ ਕਿ ਕਾਗਜ਼ ਉਦਯੋਗ ’ਚ ਭਾਰਤ ’ਚ ਵਿਕਾਸ ਦੀਆਂ ਅਨੇਕਾਂ ਸੰਭਾਵਨਾਵਾਂ ਹਨ ਕਿਉਂਕਿ ਕੌਮਾਂਤਰੀ ਪੱਧਰ ’ਤੇ ਪ੍ਰਤੀ ਵਿਅਕਤੀ ਖਪਤ ਇੱਥੇ ਸਭ ਤੋਂ ਘੱਟ ਹੈ। ਬਿਆਨ ਮੁਤਾਬਕ ਦੁਨੀਆ ਦੀ ਲਗਭਗ 15 ਫੀਸਦੀ ਆਬਾਦੀ ਭਾਰਤ ’ਚ ਰਹਿੰਦੀ ਹੈ ਪਰ ਦੁਨੀਆ ’ਚ ਉਤਪਾਦਿਤ ਕੁੱਲ ਕਾਗਜ਼ ਦਾ ਸਿਰਫ 5 ਫੀਸਦੀ ਦੀ ਖਪਤ ਕਰਦੀ ਹੈ। ਸੰਗਠਿਤ ਪ੍ਰਚੂਨ ਖੇਤਰ ’ਚ ਵਾਧੇ ਦੇ ਨਾਲ ਸਿੱਖਿਆ ਅਤੇ ਸਾਖਰਤ ’ਤੇ ਜ਼ੋਰ ਅਤੇ ਬਿਹਤਰ ਗੁਣਵੱਤਾ ਵਾਲੇ ਕਾਗਜ਼ ਦੀ ਮੰਗ ਇਸ ਵਾਧੇ ਦੇ ਪ੍ਰਮੁੱਖ ਕਾਰਕ ਹਨ।
ਇਸ ਤੋਂ ਇਲਾਵਾ ਐੱਫ. ਐੱਮ. ਸੀ. ਜੀ. ਉਤਪਾਦਾਂ, ਫਾਰਮਾਸਿਊਟੀਕਲਸ, ਕੱਪੜਾ, ਸੰਗਠਿਤ ਪ੍ਰਚੂਨ, ਈ-ਕਾਮਰਸ ਅਤੇ ਹੋਰ ਖੇਤਰਾਂ ’ਚ ਗੁਣਵੱਤਾ ਪੈਕੇਜਿੰਗ ਦੀ ਮੰਗ ਵੀ ਵਧ ਰਹੀ ਹੈ। ਉਦਯੋਗ ਸੰਸਥਾ ਆਈ. ਪੀ. ਐੱਮ. ਏ. ਮੁਤਾਬਕ ਭਾਰਤ ’ਚ ਕਾਗਜ਼ ਦੀ ਖਪਤ ਅਗਲੇ 5 ਸਾਲਾਂ ’ਚ 6-7 ਫੀਸਦੀ ਪ੍ਰਤੀ ਸਾਲ ਵਧਣ ਦਾ ਅਨੁਮਾਨ ਹੈ ਜੋ ਵਿੱਤ ੀ ਸਾਲ 2027 ਤੱਕ ਤਿੰਨ ਕਰੋੜ ਟਨ ਤੱਕ ਪਹੁੰਚ ਸਕਦਾ ਹੈ। ਇਸ ਤਰ੍ਹਾਂ ਭਾਰਤ ਦੁਨੀਆ ’ਚ ਸਭ ਤੋਂ ਤੇਜੀ਼ ਨਾਲ ਵਧਣ ਵਾਲਾ ਬਾਜ਼ਾਰ ਬਣ ਜਾਏਗਾ।