PAN ਨੂੰ ਲੈ ਕੇ ਇਨ੍ਹਾਂ ਲੋਕਾਂ ਨੂੰ ਰਾਹਤ, ਹੁਣ 'ਆਧਾਰ' ਕਰ ਸਕੋਗੇ ਯੂਜ਼
Sunday, Jul 14, 2019 - 08:17 AM (IST)

ਨਵੀਂ ਦਿੱਲੀ— ਜਿਨ੍ਹਾਂ ਥਾਵਾਂ 'ਤੇ ਪੈਨ ਦੀ ਜ਼ਰੂਰਤ ਹੈ ਉੱਥੇ ਤੁਸੀਂ 'ਆਧਾਰ' ਨਾਲ ਵੀ ਕੰਮ ਚਲਾ ਸਕਦੇ ਹੋ। ਹੁਣ ਤਕ ਕ੍ਰੈਡਿਟ ਅਤੇ ਡੈਬਿਟ ਕਾਰਡ ਬਣਵਾਉਣ, ਕਾਰ ਦੀ ਖਰੀਦ-ਫਰੋਖਤ ਵਰਗੇ ਕੰਮਾਂ ਲਈ ਪੈਨ ਕਾਰਡ ਦਾ ਹੋਣਾ ਲਾਜ਼ਮੀ ਸੀ ਪਰ 5 ਜੁਲਾਈ ਨੂੰ ਸੰਸਦ 'ਚ ਪੇਸ਼ ਹੋਏ ਆਮ ਬਜਟ ਤੋਂ ਬਾਅਦ 18 ਤਰ੍ਹਾਂ ਦੀਆਂ ਫਾਈਨੈਂਸ਼ਲ ਸੇਵਾਵਾਂ ਲਈ ਹੁਣ 'ਆਧਾਰ' ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।ਪੈਨ ਦੀ ਜਗ੍ਹਾ ਤੁਸੀਂ ਆਪਣੇ ਆਧਾਰ ਕਾਰਡ ਨੰਬਰ ਦੀ ਵਰਤੋਂ ਕਰ ਸਕਦੇ ਹੋ ਪਰ ਅਜਿਹਾ ਉਹੀ ਵਿਅਕਤੀ ਕਰ ਸਕਦਾ ਹੈ, ਜਿਸ ਕੋਲ ਪੈਨ ਕਾਰਡ ਨਹੀਂ ਹੈ।
ਜੇਕਰ ਤੁਹਾਡੇ ਕੋਲ ਪੈਨ ਕਾਰਡ ਹੈ ਤਾਂ ਤੁਹਾਨੂੰ 18 ਤਰ੍ਹਾਂ ਦੀਆਂ ਫਾਈਨੈਂਸ਼ਲ ਸੇਵਾਵਾਂ ਲਈ ਹਰ ਹਾਲ 'ਚ ਆਪਣੇ ਪੈਨ ਦੀ ਜਾਣਕਾਰੀ ਦੇਣੀ ਹੀ ਹੋਵੇਗੀ।ਬੀਤੀ 5 ਜੁਲਾਈ ਨੂੰ ਸਰਕਾਰ ਨੇ ਬਜਟ 'ਚ ਕਿਹਾ ਸੀ ਕਿ ਇਨਕਮ ਟੈਕਸ ਰਿਟਰਨ ਭਰਨ ਲਈ ਕੋਈ ਵਿਅਕਤੀ ਪੈਨ ਨੰਬਰ ਦੀ ਜਗ੍ਹਾ ਆਪਣੇ ਆਧਾਰ ਨੰਬਰ ਦਾ ਇਸਤੇਮਾਲ ਕਰ ਸਕਦਾ ਹੈ ਪਰ ਇਨਕਮ ਟੈਕਸ ਵਿਭਾਗ ਮੁਤਾਬਕ, ਕੋਈ ਵੀ ਅਜਿਹਾ ਵਿਅਕਤੀ ਉਨ੍ਹਾਂ ਸਾਰੀਆਂ ਸੇਵਾਵਾਂ ਲਈ ਪੈਨ ਕਾਰਡ ਦੀ ਜਗ੍ਹਾ ਆਧਾਰ ਦੀ ਵਰਤੋਂ ਕਰ ਸਕਦਾ ਹੈ, ਜਿੱਥੇ ਪੈਨ ਕਾਰਡ ਨੰਬਰ ਦੇਣਾ ਲਾਜ਼ਮੀ ਹੈ ਤੇ ਉਸ ਕੋਲ ਇਹ ਨਹੀਂ ਹੈ। ਆਧਾਰ ਕਾਰਡ ਦਾ ਨੰਬਰ ਦਿੰਦਿਆਂ ਹੀ ਇਨਕਮ ਟੈਕਸ ਵਿਭਾਗ ਵੱਲੋਂ ਉਸ ਵਿਅਕਤੀ ਨੂੰ ਪੈਨ ਕਾਰਡ ਨੰਬਰ ਜਾਰੀ ਕਰ ਦਿੱਤਾ ਜਾਵੇਗਾ।
ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਅਤੇ ਤੁਸੀਂ ਇਹ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ 18 ਫਾਈਨੈਂਸ਼ਲ ਸੇਵਾਵਾਂ 'ਚੋਂ ਕਿਸੇ ਦਾ ਵੀ ਇਸਤੇਮਾਲ ਕਰਦੇ ਸਮੇਂ ਆਧਾਰ ਨੰਬਰ ਭਰ ਕੇ ਅਪਲਾਈ ਕਰ ਦਿਓ ਤੁਹਾਨੂੰ ਇਨਕਮ ਟੈਕਸ ਵਿਭਾਗ ਵੱਲੋਂ ਆਪਣੇ-ਆਪ ਪੈਨ ਨੰਬਰ ਜਾਰੀ ਕਰ ਦਿੱਤਾ ਜਾਵੇਗਾ।ਫਿਲਹਾਲ 120 ਕਰੋੜ ਲੋਕਾਂ ਕੋਲ ਆਧਾਰ ਕਾਰਡ ਹਨ।ਇਸ ਸਾਲ 31 ਮਾਰਚ ਤਕ 44.57 ਕਰੋੜ ਲੋਕਾਂ ਨੂੰ ਪੈਨ ਕਾਰਡ ਜਾਰੀ ਹੋਏ ਸਨ, ਜਿਨ੍ਹਾਂ 'ਚੋਂ 25 ਕਰੋੜ ਲੋਕਾਂ ਨੇ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਵਾ ਲਿਆ ਹੈ।