ਪਾਕਿ ਵੀ ਜਲਦ ਖੋਲ੍ਹ ਸਕਦਾ ਹੈ ਹਵਾਈ ਰਾਹ, ਯੂਰਪ ਜਾਣਾ ਹੋਵੇਗਾ ਸਸਤਾ

Sunday, Jun 02, 2019 - 02:55 PM (IST)

ਪਾਕਿ ਵੀ ਜਲਦ ਖੋਲ੍ਹ ਸਕਦਾ ਹੈ ਹਵਾਈ ਰਾਹ, ਯੂਰਪ ਜਾਣਾ ਹੋਵੇਗਾ ਸਸਤਾ

ਨਵੀਂ ਦਿੱਲੀ— ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਨੂੰ ਰੋਕਣ ਲਈ ਹਵਾਈ ਖੇਤਰ 'ਤੇ ਲਾਈ ਪਾਬੰਦੀ ਹਟਾ ਦਿੱਤੀ ਹੈ। ਹੁਣ ਪਾਕਿਸਤਾਨ ਵੀ ਜਲਦ ਹੀ ਭਾਰਤੀ ਉਡਾਣਾਂ ਲਈ ਆਪਣਾ ਹਵਾਈ ਰਸਤਾ ਖੋਲ੍ਹ ਸਕਦਾ ਹੈ। ਇਸ ਨਾਲ ਯੂਰਪ ਤੇ ਅਮਰੀਕਾ ਜਾਣ ਵਾਲੇ ਹਵਾਈ ਮੁਸਾਫਰਾਂ ਨੂੰ ਕਿਰਾਏ 'ਚ ਰਾਹਤ ਮਿਲ ਸਕਦੀ ਹੈ।

ਪਾਕਿਸਤਾਨ ਦੇ ਬਾਲਾਕੋਟ 'ਚ ਹਵਾਈ ਹਮਲੇ ਮਗਰੋਂ ਪਾਕਿਸਤਾਨ ਤੇ ਭਾਰਤ ਦੋਹਾਂ ਨੇ ਇਕ-ਦੂਜੇ ਦੀਆਂ ਉਡਾਣਾਂ ਲਈ ਹਵਾਈ ਰਸਤਾ ਬੰਦ ਕਰ ਦਿੱਤਾ ਸੀ। ਇਸ ਕਾਰਨ ਉਡਾਣਾਂ ਨੂੰ ਲੰਮਾ ਰੂਟ ਲੈਣਾ ਪੈ ਰਿਹਾ ਹੈ ਤੇ ਨਾਲ ਹੀ ਈਂਧਣ ਦਾ ਖਰਚ ਵੀ ਵਧਿਆ ਹੈ, ਜਿਸ ਦਾ ਬੋਝ ਹਵਾਈ ਜਹਾਜ਼ ਕੰਪਨੀਆਂ ਨੂੰ ਮੁਸਾਫਰਾਂ ਦੀ ਜੇਬ 'ਤੇ ਪਾਉਣਾ ਪੈ ਰਿਹਾ ਹੈ। ਹੁਣ ਭਾਰਤ ਵੱਲੋਂ ਹਟਾਈ ਪਾਬੰਦੀ ਨੂੰ ਦੇਖਦੇ ਹੋਏ ਪਾਕਿਸਤਾਨ ਵੀ ਇਹ ਕਦਮ ਉਠਾ ਸਕਦਾ ਹੈ।

 

ਪਾਕਿਸਤਾਨੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਸੰਕੇਤ ਦਿੱਤਾ ਹੈ ਕਿ ਉਹ ਵੀ ਛੇਤੀ ਹੀ ਆਪਣੇ ਹਵਾਈ ਖੇਤਰ ਤੋਂ ਪਾਬੰਦੀ ਨੂੰ ਹਟਾ ਸਕਦੇ ਹਨ। ਪਾਕਿਸਤਾਨ ਵੱਲੋਂ 27 ਫਰਵਰੀ ਤੋਂ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਕਰਕੇ ਏਅਰ ਇੰਡੀਆ ਅਤੇ ਇੰਡੀਗੋ ਸਮੇਤ ਹੋਰ ਕਈ ਏਅਰਲਾਈਨਾਂ ਦੀਆਂ ਵਿਦੇਸ਼ੀ ਉਡਾਣਾਂ ਪ੍ਰਭਾਵਿਤ ਹੋਈਆਂ ਸਨ।ਇਸ ਪਾਬੰਦੀ ਕਾਰਨ ਭਾਰਤੀ ਹਵਾਈ ਖੇਤਰ ਦੀ ਵਰਤੋਂ ਕਰਨ ਵਾਲੀਆਂ ਵਿਦੇਸ਼ੀ ਉਡਾਣਾਂ ਨੂੰ ਵੀ ਲੰਮਾ ਰੂਟ ਵਰਤਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਜਹਾਜ਼ ਪਾਕਿਸਤਾਨ ਦੇ ਉਪਰੋਂ ਨਹੀਂ ਉੱਡ ਸਕਦੇ।ਇਸ ਕਾਰਨ ਕਈ ਵਿਦੇਸ਼ੀ ਰੂਟਾਂ 'ਤੇ ਹਵਾਈ ਟਿਕਟਾਂ ਦੀ ਕੀਮਤ ਮਹਿੰਗੀ ਪੈ ਰਹੀ ਹੈ। ਹੁਣ ਜਲਦ ਹੀ ਹਵਾਈ ਮੁਸਾਫਰਾਂ ਤੇ ਏਅਰਲਾਈਨਾਂ ਦੀ ਮੁਸ਼ਕਲ ਖਤਮ ਹੋ ਸਕਦੀ ਹੈ।


Related News