ਭਾਰਤ 'ਚ ਹਰੀ ਝੰਡੀ ਪ੍ਰਾਪਤ ਕਰਨ ਵਾਲਾ ਇਹ ਹੋ ਸਕਦੈ ਪਹਿਲਾ ਕੋਰੋਨਾ ਟੀਕਾ

Saturday, Dec 26, 2020 - 07:47 PM (IST)

ਨਵੀਂ ਦਿੱਲੀ- ਜਨਵਰੀ ਤੱਕ ਸੰਭਾਵਤ ਕੋਰੋਨਾ ਟੀਕੇ ਨੂੰ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ। ਆਕਸਫੋਰਡ ਦਾ ਕੋਵਿਡ-19 ਟੀਕਾ ਭਾਰਤ 'ਚ ਡਰੱਗ ਰੈਗੂਲੇਟਰ ਤੋਂ ਐਮਰਜੈਂਸੀ ਮਨਜ਼ੂਰੀ ਪ੍ਰਾਪਤ ਕਰਨ ਵਾਲਾ ਪਹਿਲਾ ਟੀਕਾ ਹੋ ਸਕਦਾ ਹੈ। ਭਾਰਤ ਵਿਚ ਇਸ ਦੇ ਸ਼ਾਟ ਸੀਰਮ ਇੰਸਟੀਚਿਊਟ ਵਿਕਸਤ ਕਰ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਡਰੱਗ ਰੈਗੂਲੇਟਰ ਸੀਰਮ ਇੰਸਟੀਚਿਊਟ ਨੂੰ ਐਮਰਜੈਂਸੀ ਵਰਤੋਂ ਦੇ ਅਧਿਕਾਰ ਦੇਣ ਦਾ ਫੈਸਲਾ ਲੈਣ ਤੋਂ ਪਹਿਲਾਂ ਯੂ. ਕੇ. ਵਿਚ ਆਕਸਫੋਰਡ ਕੋਵਿਡ-19 ਟੀਕੇ ਨੂੰ ਪ੍ਰਵਾਨਗੀ ਮਿਲਣ ਦਾ ਇੰਤਜ਼ਾਰ ਕਰ ਰਿਹਾ ਹੈ। 

ਯੂ. ਕੇ. ਵਿਚ ਅਗਲੇ ਹਫ਼ਤੇ ਆਕਸਫੋਰਡ ਕੋਵਿਡ-19 ਟੀਕੇ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਕ ਵਾਰ ਯੂ. ਕੇ. ਦਾ ਡਰੱਗ ਰੈਗੂਲੇਟਰ ਆਕਸਫੋਰਡ ਟੀਕੇ ਨੂੰ ਆਪਣੀ ਪ੍ਰਵਾਨਗੀ ਦੇ ਦਿੰਦਾ ਹੈ ਤਾਂ ਕੋਵਿਡ-19 'ਤੇ ਸੀ. ਡੀ. ਐੱਸ. ਸੀ. ਓ. ਦੀ ਮਾਹਰ ਕਮੇਟੀ ਆਪਣੀ ਬੈਠਕ ਕਰੇਗੀ ਅਤੇ ਹਰੀ ਝੰਡੀ ਦੇਣ ਤੋਂ ਪਹਿਲਾਂ ਭਾਰਤ ਤੇ ਵਿਦੇਸ਼ਾਂ ਵਿਚ ਹੋਏ ਕਲੀਨੀਕਲ ਟ੍ਰਾਇਲਾਂ ਦੇ ਸੁਰੱਖਿਆ ਅੰਕੜਿਆਂ ਦੀ ਪੂਰੀ ਸਮੀਖਿਆ ਕਰੇਗੀ।  

ਇਕ ਸੂਤਰ ਨੇ ਕਿਹਾ, ''ਸਭ ਕੁਝ ਠੀਕ ਰਿਹਾ ਤਾਂ ਆਕਸਫੋਰਡ ਦਾ 'ਕੋਵੀਸ਼ਿਲਡ' ਭਾਰਤ ਵਿਚ ਸ਼ੁਰੂ ਹੋਣ ਵਾਲਾ ਪਹਿਲਾ ਟੀਕਾ ਹੋ ਸਕਦਾ ਹੈ।"

ਸੂਤਰਾਂ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਨੇ ਡਰੱਗ ਕੰਟਰੋਲਰ ਵੱਲੋਂ ਮੰਗੇ ਕੁਝ ਵਾਧੂ ਅੰਕੜੇ ਵੀ ਪਿਛਲੇ ਹਫ਼ਤੇ ਜਮ੍ਹਾ ਕਰਾ ਦਿੱਤੇ ਹਨ। ਉੱਥੇ ਹੀ, ਯੂ. ਕੇ. ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਅਧਿਕਾਰੀ ਪਹਿਲਾਂ ਹੀ ਭਾਰਤ ਤੇ ਵਿਦੇਸ਼ਾਂ ਵਿਚ ਵਿਕਸਤ ਕੀਤੇ ਜਾ ਰਹੇ ਟੀਕਿਆਂ ਦੀ ਸਮਰੱਥਾ ਨਾ ਪ੍ਰਭਾਵਿਤ ਹੋਣ ਦੀ ਗੱਲ ਕਹਿ ਚੁੱਕੇ ਹਨ।

ਇਹ ਵੀ ਪੜ੍ਹੋ- ਟੂਰਿਸਟਾਂ ਨੂੰ ਸੌਗਾਤ, 30 ਫ਼ੀਸਦੀ ਸਸਤੇ 'ਚ ਦਿੱਲੀ ਤੋਂ ਜੈਪੁਰ ਘੁਮਾਏਗੀ ਸ਼ਾਹੀ ਟਰੇਨ

ਗੌਰਤਲਬ ਹੈ ਕਿ ਭਾਰਤ ਬਾਇਓਟੈਕ, ਸੀਰਮ ਇੰਸਟੀਚਿਊਟ ਅਤੇ ਫਾਈਜ਼ਰ ਇਸ ਮਹੀਨੇ ਦੇ ਸ਼ੁਰੂ ਵਿਚ ਆਪਣੇ ਕੋਵਿਡ-19 ਟੀਕਿਆਂ ਲਈ ਐਮਰਜੈਂਸੀ ਵਰਤੋਂ ਦੇ ਅਧਿਕਾਰ ਲਈ ਡਰੱਗਜ਼ ਕੰਟਰੋਲਰ ਜਨਰਲ ਨੂੰ ਬਿਨੈ ਦੇ ਚੁੱਕੇ ਹਨ। ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਸੰਸਥਾ (ਸੀ. ਡੀ. ਐੱਸ. ਸੀ. ਓ.) ਦੀ ਕੋਵਿਡ-19 'ਤੇ ਵਿਸ਼ਾ ਮਾਹਰ ਕਮੇਟੀ ਨੇ 9 ਦਸੰਬਰ ਨੂੰ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਦੀਆਂ ਅਰਜ਼ੀਆਂ 'ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹੋਰ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਅੰਕੜਿਆਂ ਦੀ ਮੰਗ ਕੀਤੀ ਸੀ। ਫਾਈਜ਼ਰ ਦੀ ਭਾਰਤੀ ਇਕਾਈ ਵੱਲੋਂ ਦਿੱਤੀ ਗਈ ਅਰਜ਼ੀ ਵਿਚਾਰ-ਵਟਾਂਦਰੇ ਲਈ ਨਹੀਂ ਲਈ ਗਈ ਕਿਉਂਕਿ ਕੰਪਨੀ ਨੇ ਕਮੇਟੀ ਸਾਹਮਣੇ ਪੇਸ਼ਕਾਰੀ ਕਰਨ ਲਈ ਵਧੇਰੇ ਸਮਾਂ ਮੰਗਿਆ ਹੈ। ਉੱਥੇ ਹੀ, ਭਾਰਤ ਬਾਇਓਟੈਕ ਦੇ ਕੋਵਿਡ-19 ਟੀਕੇ ‘ਕੋਵੈਕਸਿਨ’ ਲਈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿਚ ਸਮਾਂ ਲੱਗ ਸਕਦਾ ਹੈ ਕਿਉਂਕਿ ਇਸ ਦੇ ਫੇਜ-3 ਦੇ ਟ੍ਰਇਲ ਅਜੇ ਵੀ ਚੱਲ ਰਹੇ ਹਨ।

ਇਹ ਵੀ ਪੜ੍ਹੋ- ਸਰਕਾਰ ਦੇ ਗੋਲਡ ਬਾਂਡ ਦੀ 9ਵੀਂ ਕਿਸ਼ਤ 'ਚ 5,000 ਰੁ: ਗ੍ਰਾਮ ਮਿਲੇਗਾ ਸੋਨਾ

ਭਾਰਤ ਵਿਚ ਕੋਰੋਨਾ ਟੀਕੇ ਨੂੰ ਹਰੀ ਝੰਡੀ ਮਿਲਣ ਦਾ ਤੁਹਾਨੂੰ ਕਿੰਨਾ ਇੰਤਜ਼ਾਰ, ਕੁਮੈਂਟ ਬਾਕਸ 'ਚ ਦਿਓ ਟਿਪਣੀ


Sanjeev

Content Editor

Related News