ਸਟਾਰ ਹੈਲਥ ਨੂੰ 16.10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ
Friday, Aug 30, 2024 - 10:55 AM (IST)
ਤਿਰੂਚੀ (ਇੰਟ.) - ਤੰਜਾਵੁਰ ਖਪਤਕਾਰ ਅਦਾਲਤ ਨੇ ਇਕ ਬੀਮਾ ਕੰਪਨੀ ਨੂੰ ਪਾਲਿਸੀਧਾਰਕ ਨੂੰ 16.10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਤੰਜਾਵੁਰ ਦੇ ਕੀਝਾ ਵਾਸਲ ਨਿਵਾਸੀ ਰਾਜੇਸ਼ (35) ਨੇ ਸਟਾਰ ਹੈਲਥ ਇੰਸ਼ੋਰੈਂਸ ਕੰਪਨੀ ਤੋਂ 5 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਵਾਇਆ ਸੀ, ਜੋ 13 ਨਵੰਬਰ, 2023 ਤੱਕ ਵੈਲਿਡ ਸੀ। ਰਾਜੇਸ਼ ਨੂੰ 4 ਅਕਤੂਬਰ, 2022 ਨੂੰ ਫੇਫੜਿਆਂ ਦੀ ਸਮੱਸਿਆ ਹੋ ਗਈ। ਤੰਜਾਵੁਰ ਅਤੇ ਤਿਰੂਚੀ ਦੇ 2 ਨਿੱਜੀ ਹਸਪਤਾਲਾਂ ’ਚ ਉਸ ਦੀ ਸਰਜਰੀ ਹੋਈ।
ਇਸ ਤੋਂ ਬਾਅਦ ਉਸ ਨੇ 11 ਲੱਖ ਰੁਪਏ ਦੇ ਬੀਮਾ ਦਾਅਵੇ ਲਈ ਅਪਲਾਈ ਕੀਤਾ ਪਰ ਬੀਮਾ ਕੰਪਨੀ ਨੇ ਇਹ ਕਹਿੰਦੇ ਹੋਏ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਕਿ ਪਾਲਿਸੀ ਪ੍ਰਾਪਤ ਕਰਨ ਤੋਂ ਪਹਿਲਾਂ ਉਹ ਫੇਫੜਿਆਂ ਦੀ ਰੋਗ ਤੋਂ ਪੀਡ਼ਤ ਸੀ।
ਰਾਜੇਸ਼ ਨੇ ਤੰਜਾਵੁਰ ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨਾਲ ਸੰਪਰਕ ਕੀਤਾ ਅਤੇ ਮੈਡੀਕਲ ਦਾਅਵਿਆਂ ਲਈ ਅਪੀਲ ਕੀਤੀ। ਮਾਮਲੇ ਦੀ ਸੁਣਵਾਈ ਕਰਦੇ ਹੋਏ ਪ੍ਰਧਾਨ ਸੇਕਰ ਨੇ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਰਾਜੇਸ਼ ਨੂੰ 11 ਲੱਖ ਰੁਪਏ ਦਾ ਮੈਡੀਕਲ ਦਾਅਵਾ 9 ਫੀਸਦੀ ਵਿਆਜ ਦੇ ਨਾਲ ਅਤੇ 5 ਲੱਖ ਰੁਪਏ ਮਾਨਸਿਕ ਪ੍ਰੇਸ਼ਾਨੀ ਅਤੇ 10,000 ਰੁਪਏ ਦੇ ਫੁਟਕਲ ਖਰਚ ਦੇ ਰੂਪ ’ਚ ਪ੍ਰਦਾਨ ਕਰੇ।