ਪੰਜਾਬ ਦੇ ਲੋਕਾਂ ''ਤੇ ਭਾਰੀ ਪਵੇਗਾ ''ਓਪੇਕ'', ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ

Saturday, Dec 08, 2018 - 03:48 PM (IST)

ਨਵੀਂ ਦਿੱਲੀ— ਪੈਟਰੋਲ-ਡੀਜ਼ਲ ਸਾਲ 2019 'ਚ ਆਮ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਲਈ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ। ਇਸ ਦਾ ਕਾਰਨ ਹੈ ਕਿ ਕੌਮਾਂਤਰੀ ਬਾਜ਼ਾਰ 'ਚ ਜਲਦ ਹੀ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਆਸਾਰ ਹਨ, ਜਿਸ ਕਾਰਨ ਪੈਟਰੋਲ ਅਤੇ ਡੀਜ਼ਲ 'ਤੇ ਰੋਜ਼ਾਨਾ ਮਿਲ ਰਹੀ ਰਾਹਤ ਹੁਣ ਸਮਾਪਤ ਹੋ ਸਕਦੀ ਹੈ। ਸ਼ੁੱਕਰਵਾਰ ਨੂੰ ਆਸਟਰੀਆ ਦੇ ਵਿਏਨਾ 'ਚ ਓਪੇਕ ਤੇ ਰੂਸ ਵਿਚਕਾਰ ਹੋਈ ਮੀਟਿੰਗ 'ਚ ਸਪਲਾਈ ਘਟਾਉਣ ਦਾ ਫੈਸਲਾ ਹੋ ਗਿਆ ਹੈ। ਹੁਣ ਬਾਜ਼ਾਰ 'ਚ ਰੋਜ਼ਾਨਾ 12 ਲੱਖ ਬੈਰਲ ਤੇਲ ਘੱਟ ਸਪਲਾਈ ਹੋਵੇਗਾ। ਜਾਣਕਾਰੀ ਮੁਤਾਬਕ, ਸਾਲ 2019 ਦੇ ਪਹਿਲੇ ਛੇ ਮਹੀਨਿਆਂ ਤਕ ਇਹ ਕਟੌਤੀ ਜਾਰੀ ਰਹੇਗੀ। ਹਾਲਾਂਕਿ ਅਪ੍ਰੈਲ 2019 'ਚ ਇਸ ਦੀ ਦੁਬਾਰਾ ਸਮੀਖਿਆ ਵੀ ਕੀਤੀ ਜਾ ਸਕਦੀ ਹੈ।
ਸ਼ੁੱਕਰਵਾਰ ਨੂੰ ਹੋਈ ਡੀਲ ਮੁਤਾਬਕ, ਓਪੇਕ ਰੋਜ਼ਾਨਾ 8 ਲੱਖ ਬੈਰਲ ਤੇਲ ਦੀ ਸਪਲਾਈ ਘੱਟ ਰੱਖੇਗਾ, ਜਦੋਂ ਕਿ ਰੂਸ ਦੀ ਅਗਵਾਈ ਵਾਲੇ ਦੇਸ਼ 4 ਲੱਖ ਬੈਰਲ ਤੇਲ ਦੀ ਸਪਲਾਈ ਪ੍ਰਤੀ ਦਿਨ ਘੱਟ ਰੱਖਣਗੇ। ਇਸ ਤਰ੍ਹਾਂ ਅਕਤੂਬਰ ਦੇ ਮੁਕਾਬਲੇ ਸਪਲਾਈ 'ਚ ਰੋਜ਼ਾਨਾ 12 ਲੱਖ ਬੈਰਲ ਦੀ ਕਮੀ ਆਵੇਗੀ। ਬਾਜ਼ਾਰ ਜਾਣਕਾਰਾਂ ਮੁਤਾਬਕ ਕੱਚਾ ਤੇਲ ਜਲਦ ਹੀ 65-70 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਸਕਦਾ ਹੈ। ਅਕਤੂਬਰ ਤੋਂ ਹੁਣ ਤਕ ਕੱਚੇ ਤੇਲ ਦੀ ਕੀਮਤ 'ਚ ਆਈ 30 ਫੀਸਦੀ ਗਿਰਾਵਟ ਕਾਰਨ ਤੇਲ ਉਤਪਾਦਕ ਦੇਸ਼ਾਂ ਨੇ ਸਪਲਾਈ ਘਟਾਉਣ ਦਾ ਫੈਸਲਾ ਕੀਤਾ ਹੈ।
 

ਪੰਜਾਬ ਦੇ ਲੋਕਾਂ ਦੀ ਜੇਬ ਹੋਵੇਗੀ ਢਿੱਲੀ

PunjabKesari
ਭਾਰਤ ਆਪਣੀ ਜ਼ਰੂਰਤ ਦਾ 80 ਫੀਸਦੀ ਤੇਲ ਦਰਾਮਦ ਕਰਦਾ ਹੈ। ਅਜਿਹੇ 'ਚ ਕੱਚਾ ਤੇਲ ਮਹਿੰਗਾ ਹੋਣ ਨਾਲ ਭਾਰਤ 'ਚ ਪੈਟਰੋਲ-ਡੀਜ਼ਲ ਮਹਿੰਗਾ ਹੋਵੇਗਾ। ਉੱਥੇ ਹੀ ਪੰਜਾਬ 'ਚ ਪੈਟਰੋਲ-ਡੀਜ਼ਲ ਦੀ ਕੀਮਤ ਲੋਕਾਂ ਦੀ ਜੇਬ 'ਤੇ ਭਾਰੀ ਪਵੇਗੀ ਕਿਉਂਕਿ ਪੰਜਾਬ ਦੇ ਲੋਕ ਇਕ ਲਿਟਰ ਤੇਲ ਪਿੱਛੇ ਜ਼ਿਆਦਾ ਟੈਕਸ ਚੁਕਾ ਰਹੇ ਹਨ। ਪੰਜਾਬ 'ਚ ਮੌਜੂਦਾ ਸਮੇਂ ਪੈਟਰੋਲ 'ਤੇ 35.08 ਫੀਸਦੀ ਅਤੇ ਡੀਜ਼ਲ 'ਤੇ 16.65 ਫੀਸਦੀ ਵੈਟ ਹੈ। ਗੁਆਂਢੀ ਸੂਬੇ ਹਰਿਆਣਾ 'ਚ ਪੈਟਰੋਲ 'ਤੇ 23.37 ਫੀਸਦੀ ਅਤੇ ਡੀਜ਼ਲ 'ਤੇ 13.90 ਫੀਸਦੀ ਵੈਟ ਹੈ। ਇਸੇ ਤਰ੍ਹਾਂ ਹਿਮਾਚਲ 'ਚ ਪੈਟਰੋਲ 'ਤੇ 21.17 ਫੀਸਦੀ ਅਤੇ ਡੀਜ਼ਲ 'ਤੇ 11.14 ਫੀਸਦੀ ਵੈਟ ਹੈ। ਉੱਥੇ ਹੀ ਚੰਡੀਗੜ੍ਹ 'ਚ ਪੈਟਰੋਲ 'ਤੇ 17.42 ਫੀਸਦੀ ਵੈਟ ਹੋਣ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੀਆਂ ਪੈਟਰੋਲ ਕੀਮਤਾਂ 'ਚ ਤਕਰੀਬਨ 10-11 ਰੁਪਏ ਦਾ ਫਰਕ ਹੈ। ਚੰਡੀਗੜ੍ਹ 'ਚ ਡੀਜ਼ਲ 'ਤੇ 9.04 ਫੀਸਦੀ ਵੈਟ ਹੈ।


Related News