ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਹਰ ਬੁੱਧਵਾਰ ਅਧਿਕਾਰੀ ਕਰਨਗੇ ਮੀਟਿੰਗ

Sunday, Sep 15, 2024 - 09:44 AM (IST)

ਚੰਡੀਗੜ੍ਹ (ਰਮੇਸ਼ ਹਾਂਡਾ) : ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਦਫ਼ਤਰਾਂ 'ਚ ਹੁਣ ਹਰ ਬੁੱਧਵਾਰ ਨੂੰ ਸਾਰੇ ਅਧਿਕਾਰੀ ਆਮ ਜਨਤਾ ਨੂੰ ਮਿਲਣਗੇ ਅਤੇ ਕੋਈ ਵੀ ਮੀਟਿੰਗ ਉਸ ਦਿਨ ਨਹੀਂ ਹੋਵੇਗੀ ਸਿਵਾਏ ਐਮਰਜੈਂਸੀ ਮੀਟਿੰਗ ਦੇ। ਇਹ ਐਲਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਸਿੰਘ ਕਟਾਰੀਆ ਨੇ ਸ਼ਨੀਵਾਰ ਨੂੰ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬੁੱਧਵਾਰ ਦਾ ਦਿਨ ਜਨਤਾ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹੋਵੇਗਾ, ਤਾਂ ਜੋ ਜਨਤਾ ਅਤੇ ਪ੍ਰਸ਼ਾਸਨ ਵਿਚਕਾਰ ਸਹਿਯੋਗ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਲੋੜਾਂ ਅਤੇ ਭਵਿੱਖ ਦੀਆਂ ਖਾਹਿਸ਼ਾਂ ਦੀ ਪ੍ਰਾਪਤੀ ਲਈ ਜਨਤਾ ਅਤੇ ਪ੍ਰਸ਼ਾਸਨ ਵਿਚਕਾਰ ਨੇੜਤਾ ਹੋਣੀ ਜ਼ਰੂਰੀ ਹੈ। ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਗੁਲਾਬ ਚੰਦ ਕਟਾਰੀਆ ਅਤੇ ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਸਬ ਕਮੇਟੀਆਂ ਅਤੇ ਮੈਂਬਰਾਂ ਦੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸ਼ਹਿਰ ਨੂੰ ਹਰਿਆ ਭਰਿਆ, ਸਾਫ਼-ਸੁਥਰਾ ਅਤੇ ਸਮਾਰਟ ਸਿਟੀ ਬਣਾਉਣ ਦੇ ਟੀਚਿਆਂ ’ਤੇ ਚਾਨਣਾ ਪਾਇਆ। ਸਿੱਖਿਆ, ਸਿਹਤ, ਸ਼ਹਿਰੀ ਬੁਨਿਆਦੀ ਢਾਂਚਾ, ਸਮਾਜ ਭਲਾਈ, ਕਾਨੂੰਨ ਵਿਵਸਥਾ, ਖੇਡਾਂ, ਟਰਾਂਸਪੋਰਟ, ਸੱਭਿਆਚਾਰ, ਵਾਤਾਵਰਣ ਅਤੇ ਪੈਰੀਫਿਰਲ ਏਰੀਆ ਵਿਕਾਸ ਨਾਲ ਸਬੰਧਿਤ 10 ਸਥਾਈ ਕਮੇਟੀਆਂ ਦੇ ਪ੍ਰਧਾਨਾਂ ਨੇ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਦੀ ਸਮੀਖਿਆ ਕੀਤੀ ਅਤੇ ਨਵੀਆਂ ਸਿਫਾਰਸ਼ਾਂ ਪੇਸ਼ ਕੀਤੀਆਂ। ਕੌਂਸਲ ਦੇ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਅਤੇ ਸੁਝਾਅ ਵੀ ਦਿੱਤੇ।

ਇਹ ਵੀ ਪੜ੍ਹੋ : ਚੰਡੀਗੜ੍ਹ ਬਲਾਸਟ ਮਾਮਲੇ 'ਤੇ ਅੱਤਵਾਦੀ ਗੁਰਪਤਵੰਤ ਪੰਨੂੰ ਦੀ CM ਮਾਨ ਤੇ ਪੰਜਾਬ ਪੁਲਸ ਨੂੰ ਧਮਕੀ
ਚੰਡੀਗੜ੍ਹ ਦੀ ਸਫਾਈ ਰੈਂਕਿੰਗ ਵਿਚ ਸੁਧਾਰ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ
ਗੁਲਾਬ ਚੰਦ ਕਟਾਰੀਆ ਨੇ ਸਲਾਹਕਾਰ ਕੌਂਸਲ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਮੂਲੀਅਤ ਅਤੇ ਉਸਾਰੂ ਵਿਚਾਰ ਵਟਾਂਦਰੇ ਲਈ ਧੰਨਵਾਦ ਕੀਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰੀ ਸਕੀਮਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਅਤੇ ਚੰਡੀਗੜ੍ਹ ਦੀਆਂ ਮੌਜੂਦਾ ਲੋੜਾਂ ਅਤੇ ਭਵਿੱਖ ਦੀਆਂ ਉਮੀਦਾਂ ਦੋਵਾਂ ਨੂੰ ਸੰਬੋਧਤ ਕਰਨ ਲਈ ਇੱਕ ਸੰਤੁਲਿਤ ਨਜ਼ਰਿਆ ਅਪਣਾਉਣ ਦੀ ਅਪੀਲ ਕੀਤੀ। ਪ੍ਰਸ਼ਾਸਕ ਨੇ ਖੁਲਾਸਾ ਕੀਤਾ ਕਿ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਇੱਕ ਛੋਟਾ ਰਸਤਾ ਸਥਾਪਿਤ ਕਰਨ ਲਈ ਯਤਨ ਜਾਰੀ ਹਨ। ਉਨ੍ਹਾਂ ਚੰਡੀਗੜ੍ਹ ਦੀ ਸਫ਼ਾਈ ਰੈਂਕਿੰਗ ਵਿਚ ਸੁਧਾਰ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਅਤੇ ਮੌਜੂਦਾ ਕਮੀਆਂ ਨੂੰ ਦੂਰ ਕਰਨ ਲਈ ਇੰਦੌਰ ਵਰਗੇ ਸਫਲ ਸ਼ਹਿਰਾਂ ਤੋਂ ਸਿੱਖਣ ਦਾ ਸੁਝਾਅ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਅੰਮ੍ਰਿਤਪਾਲ ਸਿੰਘ ਨੂੰ ਲਿਆ ਹਿਰਾਸਤ 'ਚ
ਕੁਝ ਮੁੱਦਿਆਂ ਦੀ ਕਾਨੂੰਨੀ ਸਮੀਖਿਆ ਕਰਨ ਲਈ ਵਚਨਬੱਧਤਾ ਜਤਾਈ
ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਭਵਿੱਖ ਲਈ ਪ੍ਰਸ਼ਾਸਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਦੀਆਂ ਸਿਫ਼ਾਰਸ਼ਾਂ ਦੀ ਅਹਿਮੀਅਤ ਨੂੰ ਦੁਹਰਾਇਆ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਨੂੰ ਹੱਲ ਕਰਨ ਅਤੇ ਨੀਤੀਗਤ ਫ਼ੈਸਲਿਆਂ ਦਾ ਮਾਰਗ ਦਰਸ਼ਨ ਕਰਨ ਲਈ ਸਬ-ਕਮੇਟੀਆਂ ਦੇ ਪ੍ਰਧਾਨਾਂ ਅਤੇ ਹੋਰ ਪਤਵੰਤੇ ਸੱਜਣਾਂ ਨਾਲ ਇੱਕ ਅਨੁਵਰਤੀ ਮੀਟਿੰਗ ਦਾ ਪ੍ਰਸਤਾਵ ਰੱਖਿਆ। ਵਿਚਾਰ ਵਟਾਂਦਰੇ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੌਂਸਲ ਨੂੰ ਹਾਲ ਹੀ ਦੇ ਘਟਨਾਕ੍ਰਮ, ਚੁਣੌਤੀਆਂ ਅਤੇ ਅੱਗੇ ਦੇ ਰਸਤੇ ਬਾਰੇ ਜਾਣੂੰ ਕਰਵਾਇਆ। ਅਧਿਕਾਰੀਆਂ ਨੇ ਮੀਟਿੰਗ ਦੌਰਾਨ ਉਠਾਏ ਕੁੱਝ ਮੁੱਦਿਆਂ ਦੀ ਕਾਨੂੰਨੀ ਸਮੀਖਿਆ ਕਰਨ ਲਈ ਵਚਨਬੱਧਤਾ ਪ੍ਰਗਟਾਈ ਤਾਂ ਜੋ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਮੀਟਿੰਗ ਵਿਚ ਵਿਸ਼ੇਸ਼ ਮਹਿਮਾਨਾਂ ’ਚ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਸਾਬਕਾ ਸੰਸਦ ਮੈਂਬਰ ਕਿਰਨ ਖੇਰ, ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਕੇ. ਸ਼ਿਵ ਪ੍ਰਸਾਦ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਡੀ.ਜੀ.ਪੀ. ਸੁਰਿੰਦਰ ਸਿੰਘ ਯਾਦਵ, ਸਿਹਤ ਸਕੱਤਰ ਅਜੈ ਚਗਤੀ, ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਸ਼ਾਮਲ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Babita

Content Editor

Related News