ਮਹਿੰਗਾਈ ਦੀ ਮਾਰ, 70 ਰੁਪਏ ਕਿੱਲੋ ਹੋਇਆ ਗੰਢਿਆਂ ਦਾ ਭਾਅ, ਲੋਕਾਂ ਦੇ ਹੰਝੂ ਕਢਾਉਣ ਲਈ ਤਿਆਰ

Tuesday, Nov 24, 2020 - 10:19 AM (IST)

ਮਹਿੰਗਾਈ ਦੀ ਮਾਰ, 70 ਰੁਪਏ ਕਿੱਲੋ ਹੋਇਆ ਗੰਢਿਆਂ ਦਾ ਭਾਅ, ਲੋਕਾਂ ਦੇ ਹੰਝੂ ਕਢਾਉਣ ਲਈ ਤਿਆਰ

ਨਵੀਂ ਦਿੱਲੀ : ਵਿਦੇਸ਼ਾਂ ਤੋਂ ਗੰਢਿਆਂ ਦੀ ਦਰਾਮਦ ਕਮਜ਼ੋਰ ਪੈ ਜਾਣ ਨਾਲ ਭਾਅ 'ਚ ਇਕ ਵਾਰ ਮੁੜ ਤੇਜ਼ੀ ਦੇਖੀ ਜਾ ਰਹੀ ਹੈ ਜਦੋਂ ਕਿ ਰਾਜਸਥਾਨ ਤੋਂ ਲੋਕਲ ਗੰਢਿਆਂ ਦੀ ਆਮਦ ਜ਼ੋਰਾਂ 'ਤੇ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਗੰਢਿਆਂ ਦਾ ਪ੍ਰਚੂਨ ਭਾਅ 50 ਤੋਂ 70 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ, ਜਦੋਂ ਕਿ ਥੋਕ ਭਾਅ 15 ਤੋਂ 47.50 ਰੁਪਏ ਪ੍ਰਤੀ ਕਿਲੋ ਸੀ ਜੋ ਦੀਵਾਲੀ ਤੋਂ ਪਹਿਲਾਂ 42 ਰੁਪਏ ਪ੍ਰਤੀ ਕਿਲੋ ਤੱਕ ਡਿੱਗ ਗਿਆ ਸੀ।

ਕਾਰੋਬਾਰੀਆਂ ਦੀ ਮੰਨੀਏ ਤਾਂ ਦਸੰਬਰ ਤੋਂ ਪਹਿਲਾਂ ਮਹਿੰਗੇ ਗੰਢਿਆਂ ਤੋਂ ਰਾਹਤ ਮਿਲਣ ਦੇ ਆਸਾਰ ਘੱਟ ਹਨ। ਹਾਲਾਂਕਿ ਇਸ ਦਰਮਿਆਨ ਰਾਹਤ ਦੀ ਗੱਲ ਹੈ ਕਿ ਆਲੂ ਦੀ ਨਵੀਂ ਫਸਲ ਦੀ ਆਮਦ ਵਧਣ ਨਾਲ ਭਾਅ 'ਚ ਨਰਮੀ ਆਈ ਹੈ। ਪਿਆਜ਼ ਦੇ ਭਾਅ 'ਚ ਮੁੜ ਤੇਜ਼ੀ ਕਾਰਣ ਦਰਾਮਦ 'ਚ ਕਮੀ ਦੱਸੀ ਜਾ ਰਹੀ ਹੈ, ਜਦੋਂ ਕਿ ਰਾਜਸਥਾਨ ਤੋਂ ਨਵੇਂ ਗੰਢਿਆਂ ਦੀ ਆਮਦ ਜ਼ੋਰਾਂ 'ਤੇ ਹੈ ਅਤੇ ਪੂਰੇ ਉੱਤਰ ਭਾਰਤ ਸਮੇਤ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਰਾਜਸਥਾਨ ਦਾ ਪਿਆਜ਼ ਇਸ ਸਮੇਂ ਜਾ ਰਿਹਾ ਹੈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸੋਨਾ ਫਿਰ ਹੋ ਸਕਦਾ ਹੈ 45 ਹਜ਼ਾਰੀ

ਕਾਰੋਬਾਰੀ ਦੱਸਦੇ ਹਨ ਕਿ ਬੀਤੇ ਦਿਨੀਂ ਦੇਸ਼ 'ਚ ਗੰਢਿਆਂ ਦੇ ਭਾਅ ਘਟਣ ਅਤੇ ਲੋਕਲ ਗੰਢਿਆਂ ਦੀ ਆਮਦ ਵਧਣ ਨਾਲ ਦਰਾਮਦ ਦੀ ਰਫ਼ਤਾਰ ਸੁਸਤ ਪੈ ਗਈ। ਦੱਸ ਦਈਏ ਕਿ ਗੰਢਿਆਂ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਲਈ ਕੇਂਦਰ ਸਰਕਾਰ ਨੇ 14 ਸਤੰਬਰ ਨੂੰ ਗੰਢਿਆਂ ਦੀ ਬਰਾਮਦ 'ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ 23 ਅਕਤੂਬਰ ਨੂੰ ਥੋਕ ਅਤੇ ਪ੍ਰਚੂਨ ਵਪਾਰੀਆਂ ਲਈ ਗੰਢਿਆਂ ਦਾ ਸਟਾਕ ਰੱਖਣ ਦੀ ਲਿਮਿਟ ਤੈਅ ਕਰ ਦਿੱਤੀ ਗਈ, ਜਿਸ ਦੇ ਮੁਤਾਬਕ ਪ੍ਰਚੂਨ ਕਾਰੋਬਾਰੀ ਵੱਧ ਤੋਂ ਵੱਧ 2 ਟਨ ਅਤੇ ਥੋਕ ਵਪਾਰੀ ਵੱਧ ਤੋਂ ਵੱਧ 25 ਟਨ ਗੰਢਿਆਂ ਦਾ ਸਟਾਕ ਰੱਖ ਸਕਦਾ ਹੈ। ਸਰਕਾਰ ਨੇ 31 ਦਸੰਬਰ 2020 ਤੱਕ ਦੀ ਮਿਆਦ ਲਈ ਗੰਢਿਆਂ 'ਤੇ ਸਟਾਕ ਲਿਮਟ ਲਗਾਈ ਹੈ। ਨਾਲ ਹੀ ਦਰਾਮਦ ਦੇ ਨਿਯਮਾਂ 'ਚ ਵੀ ਢਿੱਲ ਦਿੱਤੀ ਗਈ ਹੈ।

ਨਾਸਿਕ ਦਾ ਨਵਾਂ ਪਿਆਜ਼ ਆਉਣ ਨਾਲ ਹੋਵੇਗੀ ਕੀਮਤਾਂ 'ਚ ਨਰਮੀ
ਹਾਰਟੀਕਲਚਰ ਪ੍ਰੋਡਿਊਸ ਐਕਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਅਜਿਤ ਸ਼ਾਹ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਗੰਢੇ ਆਉਣੇ ਬੰਦ ਨਹੀਂ ਹੋਏ ਹਨ ਪਰ ਘੱਟ ਜ਼ਰੂਰ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਹਫਤੇ ਵੀ ਤੁਰਕੀ ਤੋਂ ਗੰਢੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਰਾਜਸਥਾਨ ਤੋਂ ਗੰਢਿਆਂ ਦੀ ਆਮਦ ਜ਼ੋਰਾਂ 'ਤੇ ਹੈ, ਇਸ ਲਈ ਘਰੇਲੂ ਖਪਤ ਦੀ ਭਰਪਾਈ ਹੋ ਰਹੀ ਹੈ ਪਰ ਕੀਮਤਾਂ 'ਚ ਨਰਮੀ ਤਾਂ ਹੀ ਆਵੇਗੀ ਜਦੋਂ ਨਾਸਿਕ ਦਾ ਨਵਾਂ ਪਿਆਜ਼ ਬਾਜ਼ਾਰ 'ਚ ਉਤਰੇਗਾ। ਉਨ੍ਹਾਂ ਨੇ ਦੱਸਿਆ ਕਿ ਨਾਸਿਕ ਦੇ ਪੁਰਾਣੇ ਗੰਢਿਆਂ ਦਾ ਜੋ ਸਟਾਕ ਸੀ ਉਹ ਸਮਾਪਤੀ 'ਤੇ ਹੈ, ਇਸ ਲਈ ਹਾਲੇ ਰੇਟ 'ਚ ਜ਼ਿਆਦਾ ਗਿਰਾਵਟ ਦੀ ਗੁੰਜਾਇਸ਼ ਨਹੀਂ ਦਿਖਾਈ ਦੇ ਰਹੀ ਹੈ। ਸ਼ਾਹ ਦੀ ਮੰਨੀਏ ਤਾਂ ਦਸੰਬਰ ਤੋਂ ਪਹਿਲਾਂ ਗੰਢਿਆਂ ਦੇ ਭਾਅ 'ਚ ਜ਼ਿਆਦਾ ਗਿਰਾਵਟ ਨਹੀਂ ਹੋਵੇਗੀ।

ਦਰਾਮਦ ਨਾ ਹੋਣ ਕਾਰਣ ਗੰਢਿਆਂ ਦੇ ਭਾਅ 'ਚ ਅੱਗੇ ਹੋਵੇਗੀ ਤੇਜ਼ੀ
ਆਜ਼ਾਦਪੁਰ ਮੰਡੀ ਦੇ ਕਾਰੋਬਾਰੀ ਅਤੇ ਪੋਟੈਟੋ ਐਂਡ ਅਨੀਅਨ ਮਰਚੈਂਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਰਾਜੇਂਦਰ ਸ਼ਰਮਾ ਨੇ ਕਿਹਾ ਕਿ ਰਾਜਸਥਾਨ ਤੋਂ ਇਸ ਸਮੇਂ ਗੰਢਿਆਂ ਦੀ ਆਮਦ ਜ਼ੋਰਾਂ 'ਤੇ ਹੈ, ਫਿਰ ਵੀ ਭਾਅ 'ਚ ਕੋਈ ਗਿਰਾਵਟ ਨਹੀਂ ਦੇਖੀ ਜਾ ਰਹੀ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਹਾਲੇ ਪਿਆਜ਼ ਦੀ ਨਵੀਂ ਫ਼ਸਲ ਦੀ ਆਮਦ ਸ਼ੁਰੂ ਹੋਣ 'ਚ ਦੇਰ ਹੈ, ਇਸ ਲਈ ਦਰਾਮਦ ਨਾ ਹੋਣ ਕਾਰਣ ਗੰਢਿਆਂ ਦੇ ਭਾਅ 'ਚ ਅੱਗੇ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।


author

cherry

Content Editor

Related News