ਵੱਡਾ ਝਟਕਾ! ਥੋਕ 'ਚ ਪਿਆਜ਼ ਦੇ ਮੁੱਲ 10 ਦਿਨਾਂ 'ਚ ਦੁੱਗਣੇ ਹੋਏ

10/22/2020 11:36:34 PM

ਪੁਣੇ— ਬਰਾਮਦ 'ਤੇ ਪਾਬੰਦੀ ਅਤੇ ਬੁੱਧਵਾਰ ਨੂੰ ਦਰਾਮਦ ਨਿਯਮਾਂ ਨੂੰ ਆਸਾਨ ਕਰਨ ਦੇ ਸਰਕਾਰ ਦੇ ਫੈਸਲੇ ਦੇ ਬਾਵਜੂਦ ਵੱਡੇ ਥੋਕ ਬਾਜ਼ਾਰਾਂ 'ਚ ਪਿਛਲੇ 10 ਦਿਨਾਂ 'ਚ ਪਿਆਜ਼ ਦੀਆਂ ਕੀਮਤਾਂ ਦੁੱਗਣੀਆਂ ਹੋ ਕੇ 80 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈਆਂ ਹਨ।

ਵਪਾਰੀਆਂ ਨੇ ਕਿਹਾ ਕਿ ਕੀਮਤਾਂ ਸਥਿਰ ਰਹਿਣਗੀਆਂ ਪਰ ਜੇਕਰ ਮੀਂਹ ਨੇ ਫਸਲਾਂ ਦਾ ਵਧੇਰੇ ਨੁਕਸਾਨ ਕੀਤਾ ਤਾਂ ਇਨ੍ਹਾਂ 'ਚ ਹੋਰ ਵਾਧਾ ਹੋ ਸਕਦਾ ਹੈ। ਹਾਲਾਂਕਿ, ਦਰਾਮਦਕਾਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨਾਲ ਕੀਮਤਾਂ 'ਚ ਕੁਝ ਸਮੇਂ ਲਈ ਰਾਹਤ ਦੇਖਣ ਨੂੰ ਮਿਲ ਸਕਦੀ ਹੈ।

ਪਿਆਜ਼ ਦੀ ਸਭ ਤੋਂ ਵੱਡੀ ਥੋਕ ਮੰਡੀ ਲਾਸਲਗਾਓਂ 'ਚ ਵੀਰਵਾਰ ਨੂੰ ਔਸਤ ਕੀਮਤ 62 ਰੁਪਏ ਕਿਲੋ ਲੱਗੀ, ਜਦੋਂ ਕਿ ਸਭ ਤੋਂ ਵੱਧ 70 ਰੁਪਏ ਕਿਲੋ ਰਹੀ। ਲਾਸਲਗਾਓਂ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਮੰਡੀ ਪਿੰਪਲਾਗਾਓਂ 'ਚ ਪਿਆਜ਼ ਦੀ ਔਸਤ ਕੀਮਤ 68 ਰੁਪਏ ਕਿਲੋ ਸੀ, ਜਦੋਂ ਕਿ ਵੱਧ ਤੋਂ ਵੱਧ 81 ਰੁਪਏ ਕਿਲੋ ਦਰਜ ਕੀਤੀ ਗਈ। ਦੋਹਾਂ ਮੰਡੀਆਂ 'ਚ ਪਿਛਲੇ 10-12 ਦਿਨਾਂ 'ਚ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਉੱਥੇ ਹੀ, ਕਲਵਨ ਅਤੇ ਡਿੰਡੋਰੀ ਵਰਗੇ ਬਾਜ਼ਾਰਾਂ 'ਚ ਕੀਮਤਾਂ 90 ਰੁਪਏ ਪ੍ਰਤੀ ਕਿਲੋ ਤੋਂ ਵੀ ਪਾਰ ਨਿਕਲ ਗਈਆਂ ਹਨ। ਕਲਵਨ ਮੰਡੀ ਦੇ ਸਕੱਤਰ ਰਵਿੰਦਰ ਹਾਇਰ ਨੇ ਕਿਹਾ ਕਿ ਸਾਡੇ ਇਲਾਕੇ 'ਚ ਬਿਹਤਰ ਗੁਣਵੱਤਾ ਦਾ ਪਿਆਜ਼ ਹੁੰਦਾ ਹੈ ਅਤੇ ਸਾਰੀਆਂ ਪ੍ਰਮੁੱਖ ਬੀਜ ਕੰਪਨੀਆਂ ਉਤਪਾਦਨ ਦੇ ਉਦੇਸ਼ ਨਾਲ ਸਾਡੇ ਪਿਆਜ਼ ਦੀ ਖਰੀਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਬਿਹਤਰ ਗੁਣਵੱਤਾ ਦਾ ਪਿਆਜ਼ ਮੌਜੂਦਾ ਸਮੇਂ 80 ਰੁਪਏ ਕਿਲੋ ਤੋਂ ਉਪਰ ਵਿਕ ਰਿਹਾ ਹੈ। 21 ਅਕਤੂਬਰ ਨੂੰ ਕਲਵਨ 'ਚ ਸਭ ਤੋਂ ਵੱਧ ਕੀਮਤ 92 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ।

12,000 ਟਨ ਪਿਆਜ਼ ਜਲਦ ਪਹੁੰਚੇਗਾ ਭਾਰਤ-
ਕੁਝ ਵਪਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਦਰਾਮਦ 'ਚ ਦਿੱਤੀ ਗਈ ਢਿੱਲ ਨਾਲ ਦੁਬਈ ਤੋਂ ਸਪਲਾਈ ਲਿਆਉਣ 'ਚ ਮਦਦ ਮਿਲੇਗੀ। ਪਿਆਜ਼ ਦੇ ਪ੍ਰਮੁੱਖ ਬਰਾਮਦਕਾਰ ਦਾਨਿਸ਼ ਸ਼ਾਹ ਨੇ ਕਿਹਾ ਕਿ ਅਗਲੇ 10 ਦਿਨਾਂ 'ਚ ਲਗਭਗ 300 ਕੰਟੇਨਰਾਂ ਜ਼ਰੀਏ ਤਕਰੀਬਨ 12,000 ਟਨ ਪਿਆਜ਼ ਮੁੰਬਈ ਬੰਦਰਗਾਹ 'ਤੇ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਦਰਾਮਦ ਪਿਆਜ਼ ਦੀ ਲੈਂਡਿੰਗ ਕੀਮਤ 40 ਤੋਂ 52 ਰੁਪਏ ਪ੍ਰਤੀ ਕਿਲੋ ਹੈ, ਲਿਹਾਜਾ ਥੋਕ ਮੁੱਲ 50 ਤੋਂ 70 ਰੁਪਏ ਕਿਲੋ ਵਿਚਕਾਰ ਰਹਿ ਸਕਦੇ ਹਨ।


Sanjeev

Content Editor

Related News