ਖੁਦਰਾ ਬਾਜ਼ਾਰਾਂ ''ਚ ਪਿਆਜ਼, ਟਮਾਟਰ ਦੇ ਭਾਅ 60-70 ਰੁਪਏ ਕਿਲੋ ਦੀ ਉੱਚਾਈ ''ਤੇ ਕਾਇਮ
Thursday, Oct 31, 2019 - 03:03 PM (IST)

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦੇ ਖੁਦਰਾ ਬਾਜ਼ਾਰਾਂ 'ਚ ਪਿਆਜ਼ ਅਤੇ ਟਮਾਟਰ ਦੇ ਭਾਅ ਹੁਣ ਵੀ 60 ਤੋਂ 70 ਰੁਪਏ ਕਿਲੋਗ੍ਰਾਮ ਦੀ ਉੱਚਾਈ 'ਤੇ ਬਣੇ ਹੋਏ ਹਨ। ਵਪਾਰ ਅੰਕੜਿਆਂ ਮੁਤਾਬਕ ਗੁਣਵੱਤਾ ਅਤੇ ਸਥਾਨ ਦੇ ਆਧਾਰ 'ਤੇ ਪਿਆਜ਼ ਅਤੇ ਟਮਾਟਰ ਦੋਵਾਂ ਦੇ ਭਾਅ 70 ਰੁਪਏ ਕਿਲੋਗ੍ਰਾਮ ਤੱਕ ਚੱਲ ਰਹੇ ਹਨ। ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਪਿਆਜ਼ ਦਾ ਖੁਦਰਾ ਭਾਅ 55 ਰੁਪਏ ਕਿਲੋ ਅਤੇ ਟਮਾਟਰ ਦਾ 53 ਰੁਪਏ ਕਿਲੋ ਚੱਲ ਰਿਹਾ ਹੈ।
ਸਰਕਾਰ ਨੇ ਮਦਰ ਡੇਅਰੀ 'ਚ ਸਫਲ ਦੁਕਾਨਾਂ, ਸਹਿਕਾਰਿਤਾ ਨਾਫੇਡ ਅਤੇ ਐੱਨ.ਸੀ.ਸੀ.ਐੱਫ. ਦੇ ਰਾਹੀਂ ਇਨ੍ਹਾਂ ਜਿੰਸਾਂ ਦੀ ਸਪਲਾਈ ਵਧਾਈ ਹੈ ਪਰ ਇਸ ਦੇ ਬਾਵਜੂਦ ਪਿਛਲੇ ਇਕ ਮਹੀਨੇ ਦੇ ਪਿਆਜ਼ ਅਤੇ ਟਮਾਟਰ ਦੇ ਭਾਅ ਉੱਚਾਈ 'ਤੇ ਬਣੇ ਹੋਏ ਹਨ।
ਉਪਭੋਕਤਾਵਾਂ ਨੂੰ ਰਾਹਤ ਦੇਣ ਲਈ ਸਫਲ ਦੀਆਂ 400 ਦੁਕਾਨਾਂ 'ਤੇ ਪਿਆਜ਼ 23.90 ਰੁਪਏ ਕਿਲੋ ਦੇ ਭਾਅ 'ਤੇ ਵੇਚਿਆ ਜਾ ਰਿਹਾ ਹੈ। ਉੱਧਰ ਟਮਾਟਰ ਦੀ ਵਿਕਰੀ 55 ਰੁਪਏ ਕਿਲੋ ਦੇ ਭਾਅ 'ਤੇ ਕੀਤੀ ਜਾ ਰਹੀ ਹੈ। ਸਰਕਾਰ ਆਪਣੇ 'ਬਫਰ ਸਟਾਕ' ਨਾਲ ਪਿਆਜ਼ ਉਪਲੱਬਧ ਕਰਵਾ ਰਹੀ ਹੈ। ਮੁੱਖ ਉਤਪਾਦਕ ਸੂਬਿਆਂ ਮਹਾਰਾਸ਼ਟਰ ਅਤੇ ਕਰਨਾਟਕ 'ਚ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਸਪਲਾਈ ਪ੍ਰਭਾਵਿਤ ਹੋਣ ਨਾਲ ਇਨ੍ਹਾਂ ਦੋਵਾਂ ਸਬਜ਼ੀਆਂ ਦੇ ਭਾਅ 'ਚ ਤੇਜ਼ੀ ਆਈ ਹੈ। ਉਪਭੋਕਤਾ ਮਾਮਲਿਆਂ ਦੇ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਗਰਮੀਆਂ ਭਾਵ ਸਾਉਣੀ ਦੀ ਨਵੀਂ ਫਸਲ ਦੀ ਆਵਕ ਨਾਲ ਅਗਲੇ ਦਿਨਾਂ 'ਚ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ 'ਚ ਕਮੀ ਆਵੇਗੀ। ਅਧਿਕਾਰੀ ਨੇ ਕਿਹਾ ਕਿ ਉੱਤਰ ਭਾਰਤ 'ਚ ਸਪਲਾਈ ਪ੍ਰਭਾਵਿਤ ਹੋਈ ਹੈ। ਅਗਲੇ ਦਸ ਦਿਨ 'ਚ ਸਥਿਤੀ ਸੁਧਰੇਗੀ ਅਤੇ ਕੀਮਤਾਂ ਕੁਝ ਹੇਠਾਂ ਆਉਣਗੀਆਂ।