ਵਨਪਲੱਸ 6ਟੀ ਹੋ ਸਕਦਾ ਹੈ ਸਸਤਾ, 7 ਹਜ਼ਾਰ ਤਕ ਘਟ ਸਕਦੀ ਹੈ ਕੀਮਤ
Wednesday, May 15, 2019 - 03:49 PM (IST)

ਨਵੀਂ ਦਿੱਲੀ— ਸਮਾਰਟ ਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਜਲਦ ਹੀ ਗੁੱਡ ਨਿਊਜ਼ ਮਿਲ ਸਕਦੀ ਹੈ। ਵਨਪਲੱਸ 6ਟੀ ਸਮਾਰਟ ਫੋਨ ਜਲਦ ਹੀ ਸਸਤਾ ਹੋ ਸਕਦਾ ਹੈ। ਮੰਗਲਵਾਰ ਕੰਪਨੀ ਨੇ ਵਨਪਲੱਸ-7 ਤੇ ਵਨਪਲੱਸ-7 ਪ੍ਰੋ ਲਾਂਚ ਕੀਤੇ ਸਨ। ਇਸ ਦੌਰਾਨ ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ 6ਟੀ ਦਾ ਪ੍ਰਾਡਕਸ਼ਨ ਤੇ ਵਿਕਰੀ ਜਾਰੀ ਰੱਖੀ ਜਾਵੇਗੀ। ਹਾਲਾਂਕਿ ਵਨਪਲੱਸ 6ਟੀ ਦੀ ਕੀਮਤ 'ਚ ਹੁਣ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ।
ਇਸ ਦਾ ਕਾਰਨ ਹੈ ਕਿ ਵਨਪਲੱਸ 6ਟੀ ਦੀ ਕੀਮਤ 37,999 ਰੁਪਏ ਹੈ, ਜੋ ਕਿ ਵਨਪਲੱਸ-7 ਦੀ ਕੀਮਤ ਤੋਂ ਵੱਧ ਹੈ। ਵਨਪਲੱਸ-7 ਦੀ ਕੀਮਤ ਘੱਟੋ-ਘੱਟ 32,999 ਰੁਪਏ ਰੱਖੀ ਗਈ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਵਨਪਲੱਸ 6ਟੀ ਦੀ ਕੀਮਤ ਘਟਾ ਸਕਦੀ ਹੈ। ਇਸ ਦੀ ਕੀਮਤ 'ਚ ਘੱਟੋ-ਘੱਟ 7,000 ਰੁਪਏ ਤਕ ਦੀ ਕਮੀ ਕੀਤੀ ਜਾ ਸਕਦੀ ਹੈ।
ਜਾਣਕਾਰੀ ਮੁਤਾਬਕ, ਵਨਪਲੱਸ 6ਟੀ ਦੀ ਕੀਮਤ 'ਚ ਕੰਪਨੀ ਦੂਜੇ ਬਾਜ਼ਾਰਾਂ 'ਚ ਕੀਮਤ ਘਟਾ ਚੁੱਕੀ ਹੈ। ਇਸ ਲਈ ਸੰਭਵ ਹੈ ਕਿ ਜਲਦ ਹੀ ਭਾਰਤੀ ਬਾਜ਼ਾਰ 'ਚ ਇਸ ਫੋਨ ਦੀ ਕੀਮਤ ਵੀ ਘਟਾ ਦਿੱਤੀ ਜਾਵੇ। ਵਨਪਲੱਸ-7 ਜੂਨ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਉਸ ਵਕਤ ਇਸ ਫੋਨ ਦੀ ਕੀਮਤ ਘਟਾਈ ਜਾ ਸਕਦੀ ਹੈ। ਵਨਪਲੱਸ-7 ਤੇ ਵਨਪਲੱਸ 6ਟੀ 'ਚ ਵੱਡਾ ਫਰਕ ਹੋਣ ਕਾਰਨ ਲੋਕ 6ਟੀ ਤੋਂ ਕਿਨਾਰਾ ਕਰ ਸਕਦੇ ਹਨ, ਜਿਸ ਕਾਰਨ ਕੰਪਨੀ ਨੂੰ ਇਸ ਦੀ ਕੀਮਤ ਘੱਟ ਰੱਖਣੀ ਹੋਵੇਗੀ। ਵਨਪਲੱਸ 6ਟੀ 'ਚ ਕਵਾਲਕਮ ਸਨੈਪਡ੍ਰੈਗਨ 845 ਪ੍ਰੋਸੈਸਰ ਹੈ, ਜਦੋਂ ਕਿ 7 'ਚ 855 ਪ੍ਰੋਸੈਸਰ ਦਿੱਤਾ ਗਿਆ ਹੈ, ਯਾਨੀ ਨਵਾਂ ਫੋਨ ਕਾਫੀ ਦਮਦਾਰ ਹੈ।