ਦਿੱਲੀ ’ਚ ਇਕ ਰਾਤ ਦਾ ਕਿਰਾਇਆ 32 ਲੱਖ! AI ਸਮਿਟ ਦੇ ਅੱਗੇ ਵੈਲੇਨਟਾਈਨ ਡੇ ਵੀ ਪਿਆ ਫਿੱਕਾ

Tuesday, Feb 10, 2026 - 04:10 AM (IST)

ਦਿੱਲੀ ’ਚ ਇਕ ਰਾਤ ਦਾ ਕਿਰਾਇਆ 32 ਲੱਖ! AI ਸਮਿਟ ਦੇ ਅੱਗੇ ਵੈਲੇਨਟਾਈਨ ਡੇ ਵੀ ਪਿਆ ਫਿੱਕਾ

ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਇਨ੍ਹੀਂ ਦਿਨੀਂ ਇਕ ਵੱਡੇ ਗਲੋਬਲ ਆਯੋਜਨ ਦੀ ਤਿਆਰੀ ’ਚ ਹੈ ਪਰ ਇਸ ਵਾਰ ਚਰਚਾ ਆਯੋਜਨ ਨਾਲੋਂ ਜ਼ਿਆਦਾ ਉਥੇ ਰੁਕਣ ਦੇ ਖਰਚੇ ਦੀ ਹੋ ਰਹੀ ਹੈ। ਦਿੱਲੀ ’ਚ 19 ਅਤੇ 20 ਫਰਵਰੀ ਨੂੰ ਗਲੋਬਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਸਮਿਟ ਹੋਣ ਜਾ ਰਹੀ ਹੈ। ਇਸ ਸਮਿਟ ’ਚ ਸੁੰਦਰ ਪਿਚਾਈ ਅਤੇ ਸੈਮ ਆਲਟਮੈਨ ਵਰਗੇ ਦੁਨੀਆ ਦੇ ਸਭ ਤੋਂ ਪ੍ਰਮੁੱਖ ਟੈੱਕ ਲੀਡਰਸ ਹਿੱਸਾ ਲੈਣ ਆ ਰਹੇ ਹਨ। ਇਸ ਹਾਈ ਪ੍ਰੋਫਾਈਲ ਈਵੈਂਟ ਕਾਰਨ ਦਿੱਲੀ ਦੇ ਲਗਜ਼ਰੀ ਹੋਟਲਾਂ ’ਚ ਕਮਰਿਆਂ ਦੀ ਡਿਮਾਂਡ ਇਸ ਕਦਰ ਵਧੀ ਹੈ ਕਿ ਕਿਰਾਇਆ ਸੁਣ ਕੇ ਆਮ ਆਦਮੀ ਤਾਂ ਕੀ, ਖਾਸ ਲੋਕਾਂ ਦੇ ਵੀ ਪਸੀਨੇ ਛੁੱਟ ਜਾਣ। ਹਾਲਾਤ ਇਹ ਹਨ ਕਿ ਇਕ ਰਾਤ ਰੁਕਣ ਦਾ ਖਰਚਾ 32 ਲੱਖ ਰੁਪਏ ਤੱਕ ਪਹੁੰਚ ਗਿਆ ਹੈ।

ਇਕ ਰਾਤ ਦੀ ਕੀਮਤ ’ਚ ਆ ਜਾਵੇ ਆਲੀਸ਼ਾਨ ਘਰ
ਰਿਪੋਰਟਸ ਮੁਤਾਬਕ 16 ਤੋਂ 20 ਫਰਵਰੀ ਵਿਚਕਾਰ ਦਿੱਲੀ ਦੇ ਵੱਕਾਰੀ ਤਾਜ ਪੈਲੇਸ ਹੋਟਲ ਦੇ ‘ਗਾਰਡਨ ਲਗਜ਼ਰੀ ਸੁਇਟ’ (ਕਿੰਗ ਬੈੱਡ ਅਤੇ ਪੂਲ ਵਿਊ) ਦਾ ਕਿਰਾਇਆ 27.55 ਲੱਖ ਰੁਪਏ ਪ੍ਰਤੀ ਰਾਤ ਤੈਅ ਕੀਤਾ ਗਿਆ ਹੈ। ਜੇਕਰ ਇਸ ’ਚ ਟੈਕਸ ਜੋੜ ਦਿੱਤਾ ਜਾਵੇ, ਜੋ ਕਰੀਬ 5 ਲੱਖ ਰੁਪਏ ਬਣਦਾ ਹੈ, ਤਾਂ ਇਕ ਰਾਤ ਦਾ ਕੁੱਲ ਬਿੱਲ ਲੱਗਭਗ 32 ਲੱਖ ਰੁਪਏ ਬੈਠਦਾ ਹੈ। ਇਹੀ ਸੁਇਟ 13-14 ਫਰਵਰੀ ਨੂੰ ਟੈਕਸ ਮਿਲਾ ਕੇ ਕਰੀਬ 2 ਲੱਖ ਰੁਪਏ ’ਚ ਉਪਲੱਬਧ ਹੈ। ਭਾਵ ਸਮਿਟ ਦੌਰਾਨ ਕਿਰਾਏ ’ਚ ਵੈਲੇਨਟਾਈਨ ਡੇ ਦੇ ਪੀਕ ਸੀਜ਼ਨ ਨਾਲੋਂ ਵੀ ਕਰੀਬ 1,500 ਫੀਸਦੀ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ।

ਡਿਮਾਂਡ ਅਜਿਹੀ ਕਿ ਕਈ ਗੁਣਾ ਤੱਕ ਵਧ ਗਈਆਂ ਕੀਮਤਾਂ
ਸਿਰਫ਼ ਤਾਜ ਪੈਲੇਸ ਹੀ ਨਹੀਂ, ਦਿੱਲੀ ਦੇ ਹੋਰ ਪੰਜ ਸਿਤਾਰਾ ਹੋਟਲਾਂ ਦਾ ਵੀ ਇਹੀ ਹਾਲ ਹੈ। ਹਯਾਤ ਦੇ ‘ਅੰਦਾਜ਼ ਦਿੱਲੀ’ ’ਚ ਸਿਗਨੇਚਰ ਸੁਇਟ ਦਾ ਕਿਰਾਇਆ ਵੱਧ ਕੇ 3.86 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਟ੍ਰੈਵਲ ਪਲੇਟਫਾਰਮ ਇਕਸੀਗੋ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਨਵੀਂ ਦਿੱਲੀ ’ਚ ਹੋਟਲਾਂ ਦੀ ਸਰਚ ’ਚ ਮਹੀਨਾ-ਦਰ-ਮਹੀਨਾ 6 ਗੁਣਾ ਦਾ ਵਾਧਾ ਦੇਖਿਆ ਗਿਆ ਹੈ। ਸੈਂਟਰਲ ਦਿੱਲੀ ਦੇ ਜ਼ਿਆਦਾਤਰ ਵੱਡੇ ਫਾਈਵ ਸਟਾਰ ਹੋਟਲ 16 ਤੋਂ 20 ਫਰਵਰੀ ਲਈ ਪਹਿਲਾਂ ਹੀ ਹਾਊਸਫੁੱਲ ਹੋ ਚੁੱਕੇ ਹਨ। ਲਲਿਤ ਹੋਟਲ ਦੇ ਵੀ ਲੱਗਭਗ ਪੂਰੀ ਤਰ੍ਹਾਂ ਬੁੱਕ ਹੋਣ ਦੀਆਂ ਖ਼ਬਰਾਂ ਹਨ, ਜਿੱਥੇ ਕਈ ਵਿਦੇਸ਼ੀ ਮਹਿਮਾਨ ਰੁਕਣ ਵਾਲੇ ਹਨ। ਜਿਨ੍ਹਾਂ ਹੋਟਲਾਂ ’ਚ ਅਜੇ ਵੀ ਕੁਝ ਕਮਰੇ ਬਚੇ ਹਨ, ਉਥੇ ਆਮ ਕਮਰਿਆਂ ਦਾ ਕਿਰਾਇਆ ਵੀ 70,000 ਤੋਂ ਲੈ ਕੇ 1 ਲੱਖ ਰੁਪਏ ਪ੍ਰਤੀ ਰਾਤ ਦੇ ਵਿਚਕਾਰ ਚੱਲ ਰਿਹਾ ਹੈ। ਮੀਡੀਆ ਰਿਪੋਰਟਸ ਦੱਸਦੀਆਂ ਹਨ ਕਿ ਜਨਵਰੀ ਅਤੇ ਫਰਵਰੀ ਦੀ ਸ਼ੁਰੂਆਤ ਦੇ ਮੁਕਾਬਲੇ ਰੂਮ ਰੇਟਸ ’ਚ 2 ਤੋਂ 3 ਗੁਣਾ ਦਾ ਵਾਧਾ ਹੋਇਆ ਹੈ।

ਪੂਰੀ ਦੁਨੀਆ ਦੀਆਂ ਨਜ਼ਰਾਂ ਹੋਣਗੀਆਂ ਦਿੱਲੀ ’ਤੇ
ਹੋਟਲਾਂ ਦੀ ਬੁਕਿੰਗ ’ਚ ਇਹ ਦੌੜ ਬੇਵਜ੍ਹਾ ਨਹੀਂ ਹੈ। 19-20 ਫਰਵਰੀ ਨੂੰ ਹੋਣ ਵਾਲੇ ਇਸ ਗਲੋਬਲ ਏ. ਆਈ. ਸਮਿਟ ’ਚ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਅਨੁਮਾਨ ਹੈ ਕਿ ਕਰੀਬ 35,000 ਤੋਂ ਵੱਧ ਇੰਟਰਨੈਸ਼ਨਲ ਡੈਲੀਗੇਟਸ ਇਸ ਦੌਰਾਨ ਦਿੱਲੀ ’ਚ ਮੌਜੂਦ ਰਹਿਣਗੇ। ਜਦੋਂ ਦੁਨੀਆਭਰ ਦੇ ਪਾਲਿਸੀ ਮੇਕਰਸ ਅਤੇ ਟੈੱਕ ਇੰਡਸਟਰੀ ਦੇ ਪ੍ਰਮੁੱਖ ਇਕੱਠੇ ਹੋ ਰਹੇ ਹੋਣ ਤਾਂ ਜ਼ਾਹਿਰ ਹੈ ਕਿ ਸ਼ਹਿਰ ਦੀਆਂ ਪ੍ਰੀਮੀਅਮ ਸੁਵਿਧਾਵਾਂ ’ਤੇ ਦਬਾਅ ਵਧੇਗਾ। ਇਸ ਆਯੋਜਨ ਨੂੰ ਦਿੱਲੀ ਲਈ ਇਕ ਵੱਡੇ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਸਥਾਨਕ ਬਿਜ਼ਨੈੱਸ ਨੂੰ ਫਾਇਦਾ ਹੋਵੇਗਾ, ਸਗੋਂ ਟੈਕਨਾਲੋਜੀ ਅਤੇ ਹਾਈ-ਵੈਲਿਊ ਇੰਟਰਨੈਸ਼ਨਲ ਕਨਵੈਨਸ਼ਨ ਲਈ ਇਕ ਗਲੋਬਲ ਹੱਬ ਦੇ ਰੂਪ ’ਚ ਦਿੱਲੀ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ।
 


author

Inder Prajapati

Content Editor

Related News