ਬਜਟ 'ਚ ਪੈਟਰੋਲ-ਡੀਜ਼ਲ 'ਤੇ ਮਿਲ ਸਕਦੀ ਹੈ ਰਾਹਤ

Tuesday, Jan 23, 2018 - 02:16 PM (IST)

ਨਵੀਂ ਦਿੱਲੀ— ਆਮ ਜਨਤਾ ਨੂੰ ਰਾਹਤ ਦੇਣ ਲਈ ਸਰਕਾਰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾ ਸਕਦੀ ਹੈ। ਸੂਤਰਾਂ ਮੁਤਾਬਕ ਬਜਟ 'ਚ ਇਸ ਦਾ ਐਲਾਨ ਹੋ ਸਕਦਾ ਹੈ। ਮੌਜੂਦਾ ਸਮੇਂ ਪੈਟਰੋਲ 'ਤੇ 19 ਰੁਪਏ 48 ਪੈਸੇ ਅਤੇ ਡੀਜ਼ਲ 'ਤੇ 15 ਰੁਪਏ 33 ਪੈਸੇ ਐਕਸਾਈਜ਼ ਡਿਊਟੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ 'ਤੇ ਦਿਨੋਂ-ਦਿਨ ਕਾਫੀ ਬੋਝ ਵਧ ਰਿਹਾ ਹੈ।
ਦੱਸਣਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੱਸ. ਟੀ. ਤੋਂ ਬਾਹਰ ਰੱਖਿਆ ਗਿਆ ਹੈ। ਉੱਥੇ ਹੀ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਸਮੇਤ ਕਈ ਟੈਕਸ ਲੱਗਦੇ ਹਨ। ਪੈਟਰੋਲ ਅਤੇ ਡੀਜ਼ਲ 'ਤੇ ਸੂਬਾ ਸਰਕਾਰਾਂ ਵੱਲੋਂ ਵਸੂਲੇ ਜਾਂਦੇ ਵੈਟ ਕਾਰਨ ਵੀ ਇਨ੍ਹਾਂ ਦੀ ਕੀਮਤ ਜ਼ਿਆਦਾ ਹੈ। ਸੂਤਰਾਂ ਮੁਤਾਬਕ, ਪੈਟਰੋਲੀਅਮ ਮੰਤਰਾਲੇ ਨੇ ਬਜਟ 'ਚ ਐਕਸਾਈਜ਼ ਡਿਊਟੀ ਘੱਟ ਕਰਨ ਦੀ ਸਿਫਾਰਸ਼ ਕੀਤੀ ਹੈ, ਤਾਂ ਕਿ ਗਾਹਕਾਂ 'ਤੇ ਬੋਝ ਨੂੰ ਹਲਕਾ ਕੀਤਾ ਜਾ ਸਕੇ। ਹਾਲਾਂਕਿ ਇਹ ਵਿੱਤ ਮੰਤਰਾਲੇ 'ਤੇ ਨਿਰਭਰ ਕਰੇਗਾ ਕਿ ਐਕਸਾਈਜ਼ ਡਿਊਟੀ 'ਚ ਕਟੌਤੀ ਕਰਨੀ ਹੈ ਜਾਂ ਨਹੀਂ ਕਿਉਂਕਿ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਸਰਕਾਰ ਦੀ ਕਮਾਈ 'ਚ ਗਿਰਾਵਟ ਆਈ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਤੇਲ ਕੀਮਤਾਂ 'ਚ ਗਿਰਾਵਟ ਦੌਰਾਨ ਨਵੰਬਰ 2014 ਅਤੇ ਜਨਵਰੀ 2016 ਵਿਚਕਾਰ ਸਰਕਾਰ ਨੇ 9 ਵਾਰ ਐਕਸਾਈਜ਼ ਡਿਊਟੀ ਵਧਾਈ ਸੀ। ਹਾਲਾਂਕਿ ਪਿਛਲੇ ਸਾਲ ਅਕਤੂਬਰ 'ਚ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਨੂੰ ਪ੍ਰਤੀ ਲੀਟਰ ਦੋ ਰੁਪਏ ਘੱਟ ਕਰ ਦਿੱਤਾ ਸੀ।ਐਕਸਾਈਜ਼ ਡਿਊਟੀ ਵਿਚ ਇਹ ਕਮੀ ਬ੍ਰਾਂਡੇਡ ਅਤੇ ਨਾਨ ਬ੍ਰਾਂਡੇਡ ਦੋਵੇਂ ਤਰ੍ਹਾਂ ਦੇ ਪੈਟਰੋਲ-ਡੀਜ਼ਲ 'ਚ ਕੀਤੀ ਗਈ ਸੀ।


Related News