ਐੱਲ. ਪੀ. ਜੀ. ਡੀਲਰਾਂ ਦੀ ਆਨਲਾਈਨ ਹੋਵੇਗੀ ਚੋਣ

Saturday, Oct 28, 2017 - 03:11 PM (IST)

ਐੱਲ. ਪੀ. ਜੀ. ਡੀਲਰਾਂ ਦੀ ਆਨਲਾਈਨ ਹੋਵੇਗੀ ਚੋਣ

ਨਵੀਂ ਦਿੱਲੀ— ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਐੱਲ. ਪੀ. ਜੀ. ਡੀਲਰਸ਼ਿਪ ਲਈ ਆਨਲਾਈਨ ਡਰਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਤੇਲ ਮੰਤਰਾਲੇ ਵੱਲੋਂ ਡੀਲਰਸ਼ਿਪ 'ਚ ਪਾਰਦਰਸ਼ਤਾ ਅਤੇ ਜਵਾਬਦੇਹੀ ਤੈਅ ਕਰਨ ਦੀ ਕੋਸਿਸ਼ ਤਹਿਤ ਕੰਪਨੀਆਂ ਨੇ ਇਹ ਫੈਸਲਾ ਲਿਆ ਹੈ। ਪੰਜਾਬ 'ਚ 26 ਨਵੇਂ ਐੱਲ. ਪੀ. ਜੀ. ਵਿਕਰੇਤਾਵਾਂ ਲਈ ਸ਼ੁੱਕਰਵਾਰ ਨੂੰ ਇਸ ਤਰ੍ਹਾਂ ਦਾ ਪਹਿਲਾ ਆਨਲਾਈਨ ਡਰਾਅ ਕੀਤਾ ਗਿਆ। ਇਸ ਲਈ ਕੁੱਲ 609 ਅਰਜ਼ੀਆਂ ਆਈਆਂ ਸਨ। ਹੋਰ ਸੂਬਿਆਂ 'ਚ ਵੀ ਪੇਂਡੂ ਅਤੇ ਸ਼ਹਿਰੀ ਇਲਾਕਿਆਂ 'ਚ ਨਵੇਂ ਵਿਕਰੇਤਾਵਾਂ ਦੀ ਚੋਣ ਲਈ ਆਨਲਾਈਨ ਡਰਾਅ ਦੀ ਵਿਵਸਥਾ ਲਾਗੂ ਕੀਤੀ ਜਾਵੇਗੀ। 

ਤਿੰਨ ਸਰਕਾਰੀ ਤੇਲ ਕੰਪਨੀਆਂ ਆਪਣੇ ਨੈੱਟਵਰਕ ਨੂੰ ਵਧਾ ਰਹੀਆਂ ਹਨ। ਖਾਸ ਤੌਰ 'ਤੇ ਸਬਸਿਡੀ ਵਾਲੇ ਐੱਲ. ਪੀ. ਜੀ. ਗੈਸ ਕੁਨੈਕਸ਼ਨਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਦੂਰ-ਦੁਰਾਡੇ ਇਲਾਕਿਆਂ 'ਚ ਵੀ ਕੰਪਨੀਆਂ ਨੂੰ ਵਿਕਰੇਤਾਵਾਂ ਦੀ ਚੋਣ ਕਰਨੀ ਪੈ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਜਵਲਾ ਯੋਜਨਾ ਤਹਿਤ ਤਿੰਨ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਦੇਸ਼ ਭਰ 'ਚ ਤਕਰੀਬਨ 6,000 ਵਿਕਰੇਤਾ ਬਣਾਉਣੇ ਪੈਣਗੇ। ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਹੁਣ ਤਕ ਬੀਤੇ 15 ਮਹੀਨਿਆਂ 'ਚ 3 ਕਰੋੜ ਗਰੀਬ ਪਰਿਵਾਰਾਂ ਤਕ ਐੱਲ. ਪੀ. ਜੀ. ਕੁਨੈਕਸ਼ਨ ਦੀ ਸੁਵਿਧਾ ਪਹੁੰਚੀ ਹੈ। ਉਜਵਲਾ ਯੋਜਨਾ ਦਾ ਨਤੀਜਾ ਇਹ ਹੈ ਕਿ ਭਾਰਤ 'ਚ ਜਾਪਾਨ ਤੋਂ ਬਾਅਦ ਦੂਜੇ ਨੰਬਰ 'ਤੇ ਸਭ ਤੋਂ ਵਧ ਐੱਲ. ਪੀ. ਜੀ. ਗਾਹਕ ਹਨ। ਹਾਲਾਂਕਿ ਗੁਆਂਢੀ ਦੇਸ਼ ਚੀਨ ਹੁਣ ਵੀ ਪਹਿਲੇ ਨੰਬਰ 'ਤੇ ਬਰਕਰਾਰ ਹੈ।


Related News