ਬੈਂਕਾਂ ਦੇ NPA ''ਚ ਸੁਧਾਰ, ਸਤੰਬਰ 2020 ''ਚ ਘੱਟ ਕੇ 6.09 ਲੱਖ ਕਰੋੜ ਰਿਹਾ

Tuesday, Feb 09, 2021 - 04:00 PM (IST)

ਬੈਂਕਾਂ ਦੇ NPA ''ਚ ਸੁਧਾਰ, ਸਤੰਬਰ 2020 ''ਚ ਘੱਟ ਕੇ 6.09 ਲੱਖ ਕਰੋੜ ਰਿਹਾ

ਨਵੀਂ ਦਿੱਲੀ- ਸਰਕਾਰੀ ਬੈਂਕਾਂ ਦੇ ਐੱਨ. ਪੀ. ਏ. ਵਿਚ ਸੁਧਾਰ ਹੋ ਰਿਹਾ ਹੈ। ਸਤੰਬਰ 2020 ਵਿਚ ਇਹ ਘੱਟ ਕੇ 6.09 ਲੱਖ ਕਰੋੜ ਰੁਪਏ 'ਤੇ ਆ ਗਿਆ, ਜੋ ਮਾਰਚ 2018 ਵਿਚ 8.96 ਲੱਖ ਕਰੋੜ ਰੁਪਏ ਸੀ। ਵਿੱਤੀ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਰਾਜ ਸਭਾ ਨੂੰ ਲਿਖਤੀ ਜਵਾਬ ਵਿਚ ਕਿਹਾ ਕਿ ਮਾਰਚ 2018 ਅਤੇ ਸਤੰਬਰ 2020 ਦੌਰਾਨ 2.54 ਲੱਖ ਕਰੋੜ ਰੁਪਏ ਦੀ ਰਿਕਾਰਡ ਵਸੂਲੀ ਹੋਈ ਹੈ ਅਤੇ 12 ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਵਿਚੋਂ 11 ਨੇ 2020-21 ਦੇ ਪਹਿਲੇ ਅੱਧ ਵਿਚ ਕੁੱਲ ਮਿਲਾ ਕੇ 14,688 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ।

ਠਾਕੁਰ ਨੇ ਕਿਹਾ ਕਿ ਸਰਕਾਰ ਦੇ ਵੱਖ-ਵੱਖ ਉਪਾਵਾਂ ਨਾਲ ਐੱਨ. ਪੀ. ਏ. ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਦੀ ਬੈਲੇਂਸ ਸ਼ੀਟ ਨੂੰ ਸਾਫ਼ ਕਰਨ ਲਈ ਸਾਲ 2015 ਵਿਚ ਸ਼ੁਰੂ ਕੀਤੀ ਗਈ ਜਾਇਦਾਦ ਗੁਣਵੱਤਾ ਸਮੀਖਿਆ (ਏ. ਕਿਯੂ. ਆਰ.) ਨਾਲ ਭਾਰੀ-ਭਰਕਮ ਐੱਨ. ਪੀ. ਏ. ਨਿਕਲ ਕੇ ਸਾਹਮਣੇ ਆਇਆ। ਇਕ ਹੋਰ ਸਵਾਲ ਦੇ ਜਵਾਬ ਵਿਚ ਠਾਕੁਰ ਨੇ ਕਿਹਾ ਕਿ ਪੀ. ਐੱਸ. ਬੀਜ਼. ਨੇ 2020-21 ਦੌਰਾਨ ਇਕੁਇਟੀ ਅਤੇ ਬਾਂਡ ਜ਼ਰੀਏ 50,982 ਕਰੋੜ ਰੁਪਏ ਜੁਟਾਏ ਹਨ। 5,500 ਕਰੋੜ ਰੁਪਏ ਦੀ ਪੂੰਜੀ ਸਰਕਾਰ ਨੇ ਪਾਈ ਹੈ। ਵਿੱਤੀ ਸਾਲ 2021-22 ਲਈ ਬਜਟ ਵਿਚ ਪੀ. ਐੱਸ. ਬੀਜ਼. ਦੇ ਪੁਨਰਗਠਨ ਲਈ 20,000 ਕਰੋੜ ਦੀ ਵਿਵਸਥਾ ਕੀਤੀ ਗਈ ਹੈ।


author

Sanjeev

Content Editor

Related News