ਹੁਣ ਟ੍ਰੇਨ ''ਚ ਸਸਤੀਆਂ ਮਿਲਣਗੀਆਂ ਖਾਣ-ਪੀਣ ਦੀਆਂ ਚੀਜ਼ਾਂ, ਦਿਵਾਲੀ ਤੋਂ ਪਹਿਲਾਂ ਮਿਲੇਗੀ ਇਹ ਸੁਵਿਧਾ

10/28/2018 11:53:21 AM

ਨਵੀਂ ਦਿੱਲੀ — ਭਾਰਤੀ ਰੇਲਵੇ ਵਿਭਾਗ ਸਟੇਸ਼ਨਾਂ 'ਤੇ ਜਾਂ ਫਿਰ ਟ੍ਰੇਨ 'ਚ ਸਫਰ ਦੌਰਾਨ ਯਾਤਰੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਲਈ ਕੈਸ਼(ਨਕਦੀ) ਦੇ ਝੰਜਟ ਤੋਂ ਮੁਕਤੀ ਦਵਾਉਣ ਜਾ ਰਿਹਾ ਹੈ। ਹੁਣ ਤੁਸੀਂ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਸਹਾਇਤਾ ਨਾਲ ਸਿੱਧੇ ਭੁਗਤਾਨ ਕਰ ਸਕੋਗੇ। ਰੇਲਵੇ ਵਿਕਰੇਤਾਵਾਂ ਨੂੰ POS(ਪਵਾਇੰਟ ਆਫ ਸੇਲ) ਹੈਂਡ ਹੇਲਡ ਮਸ਼ੀਨ ਦੇਣ ਦੀ ਤਿਆਰੀ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਦਿਵਾਲੀ ਤੋਂ ਪਹਿਲਾਂ ਯਾਨੀ ਇਕ ਨਵੰਬਰ ਤੋਂ ਸ਼ਤਾਬਦੀ, ਦੁਰੰਤੋ ਅਤੇ ਰਾਜਧਾਨੀ ਵਰਗੀਆਂ ਟ੍ਰੇਨਾਂ ਤੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ।

ਦੁਰੰਤੋ, ਸ਼ਤਾਬਦੀ ਅਤੇ ਰਾਜਧਾਨੀ ਆਦਿ ਟ੍ਰੇਨਾਂ ਵਿਚ ਯਾਤਰੀਆਂ ਕੋਲੋਂ ਖਾਣ-ਪੀਣ ਦਾ ਚਾਰਜ ਟਿਕਟ ਦੇ ਨਾਲ ਹੀ ਲੈ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਵੀ ਟ੍ਰੇਨ ਵਿਚ ਯਾਤਰੀ ਪਾਣੀ ਦੀ ਬੋਤਲ, ਚਾਹ, ਨਮਕੀਨ ਆਦਿ ਸਮਾਨ ਵੀ ਖਰੀਦਦੇ ਹਨ। ਇਨ੍ਹਾਂ ਚੀਜ਼ਾਂ ਨੂੰ ਖਰੀਦਣ ਲਈ ਪੈਸੇ ਕੈਸ਼ 'ਚ ਦੇਣੇ ਪੈਂਦੇ ਹਨ। ਦੂਜੇ ਪਾਸੇ ਵਿਕਰੇਤਾਵਾਂ ਵਲੋਂ ਜ਼ਿਆਦਾ ਪੈਸੇ ਚਾਰਜ ਕਰਨ ਦੀਆਂ ਸ਼ਿਕਾਇਤਾਂ ਮਿਲਣਾ ਵੀ ਆਮ ਹੈ। ਇਸ ਨੂੰ ਰੋਕਣ ਲਈ ਰੇਲਵੇ ਵਿਭਾਗ ਵਿਕਰੇਤਾਵਾਂ ਨੂੰ POS ਮਸ਼ੀਨ ਦੇਣ ਦੀ ਤਿਆਰੀ ਕਰ ਚੁੱਕਾ ਹੈ, ਜਿਸ ਵਿਚ ਤੁਸੀਂ ਸਿਰਫ ਖਾਣ-ਪੀਣ ਦੀਆਂ ਵਸਤੂਆਂ ਦੀ ਉਹ ਕੀਮਤ ਹੀ ਅਦਾ ਕਰੋਗੇ ਜਿਹੜੀ ਕਿ ਉਸਦੀ ਅਸਲ ਕੀਮਤ ਹੈ।

ਰੇਲਵੇ ਮੰਤਰੀ ਪਿਊਸ਼ ਗੋਇਲ ਮੁਤਾਬਕ ਫਿਲਹਾਲ ਇਹ ਸੁਵਿਧਾ 185 ਟ੍ਰੇਨਾਂ ਵਿਚ ਲਾਗੂ ਕੀਤੀ ਗਈ ਹੈ। ਇੰਨਾ ਹੀ ਨਹੀਂ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਵਿਭਾਗ ਨੇ 'ਬਿਲ ਨਹੀਂ 'ਤੇ ਭੋਜਨ ਮੁਫਤ' ਵਿਵਸਥਾ ਦਾ ਵੀ ਐਲਾਨ ਕੀਤਾ ਹੋਇਆ ਹੈ। 

ਹੁਣ ਵਿਕਰੇਤਾਵਾਂ ਦੀ ਪਛਾਣ ਕਰਨਾ ਵੀ ਅਸਾਨ ਹੋ ਜਾਵੇਗਾ। ਹੁਣ ਤੱਕ IRCTC ਅਤੇ ਪੇਂਟ੍ਰੀਕਾਰ ਦੇ ਨਾਲ ਗੈਰ-ਕਾਨੂੰਨੀ ਵਿਕਰੇਤਾ ਵੀ ਸਮਾਨ ਵੇਚਦੇ ਹਨ। ਇਸ ਕਾਰਨ ਟ੍ਰੇਨ 'ਚ ਸਫਰ ਕਰ ਰਹੇ ਯਾਤਰੀਆਂ ਨੂੰ ਮਹਿੰਗਾ ਖਾਣ-ਪੀਣ ਦਾ ਸਮਾਨ ਮਿਲਦਾ ਹੈ। POS ਆਉਣ ਤੋਂ ਬਾਅਦ ਯਾਤਰੀ ਇਨ੍ਹਾਂ ਵਿਕਰੇਤਾਵਾਂ ਦੀ ਪਛਾਣ ਕਰ ਸਕਣਗੇ ਅਤੇ ਯਾਤਰੀਆਂ ਨੂੰ ਅਸਲ ਕੀਮਤ 'ਤੇ ਖਾਣ-ਪੀਣ ਦਾ ਸਮਾਨ ਮਿਲੇਗਾ।

ਸਟੇਸ਼ਨ 'ਤੇ ਵੀ ਲੱਗੇਗੀ ਪੀ.ਓ.ਐੱਸ.

ਮਈ 2018 ਵਿਚ IRCTC ਨੇ ਰੇਲਵੇ ਜ਼ੋਨ ਨੂੰ ਸਟੇਸ਼ਨ 'ਤੇ ਘੱਟ ਤੋਂ ਘੱਟ 10 ਪੀ.ਓ.ਐੱਸ. ਲਗਾਉਣ ਲਈ ਕਿਹਾ ਸੀ ਤਾਂ ਜੋ ਯਾਤਰੀਆਂ ਨੂੰ ਫੂਡ ਆਈਟਮਸ ਬਿਨਾਂ ਕੈਸ਼ ਖਰਚ ਕੀਤੇ ਮਿਲ ਸਕਣ। ਪਰ ਉਸ ਸਮੇਂ ਇਹ ਉਮੀਦ 'ਤੇ ਖਰੀ ਨਹੀਂ ਉਤਰੀ। 

ਚਲਦੀ ਟ੍ਰੇਨ ਵਿਚ ਪੀ.ਓ.ਐੱਸ. ਦੇ ਇਸਤੇਮਾਲ ਲਈ ਰੇਲਵੇ ਜੀ.ਪੀ.ਐੱਸ. ਜਾਂ ਵਾਈਫਾਈ ਦਾ ਇਸਤੇਮਾਲ ਨਹੀਂ ਕਰੇਗਾ। ਰੇਲਵੇ ਪੀ.ਓ.ਐੱਸ. 'ਚ ਕਨੈਕਟਿਵਿਟੀ ਲਈ ਮੋਬਾਈਲ ਸਿਮ ਦਾ ਇਸਤੇਮਾਲ ਕਰੇਗਾ। ਰੇਲਵੇ ਪੀ.ਓ.ਐੱਸ. 'ਚ ਕਨੈਕਟਿਵਿਟੀ ਲਈ ਮੋਬਾਇਲ ਸਿਮ ਦਾ ਇਸਤੇਮਾਲ ਕਰੇਗਾ। ਇਸ ਦੀ ਸਹਾਇਤਾ ਨਾਲ ਯਾਤਰੀਆਂ ਨੂੰ ਖਾਣ-ਪੀਣ ਦਾ ਭੁਗਤਾਨ ਕਰਨ 'ਚ ਦਿੱਕਤਾਂ ਨਹੀਂ ਆਉਣਗੀਆਂ। ਯਾਤਰੀ ਪੀ.ਓ.ਐੱਸ. ਦੀ ਸਹਾਇਤਾ ਨਾਲ ਸਿੱਧੇ ਰੇਲਵੇ ਦੇ ਖਾਤੇ ਵਿਚ ਪੈਸਾ ਜਮ੍ਹਾ ਕਰਵਾ ਸਕਣਗੇ। ਨਵੰਬਰ ਮਹੀਨੇ 'ਚ ਇਸਦੀ ਸ਼ੁਰੂਆਤ ਹੋ ਸਕੇਗੀ। ਬਹੁਤ ਜਲਦੀ ਇਹ ਵਿਵਸਥਾ ਪੂਰੇ ਭਾਰਤੀ ਰੇਲਵੇ 'ਚ ਸ਼ੁਰੂ ਹੋਵੇਗੀ।


Related News