ਹੁਣ ਤਤਕਾਲ ਟਿਕਟ ਇਕ ਦਿਨ ਪਹਿਲਾਂ ਵੀ ਹੋ ਸਕੇਗੀ ਬੁੱਕ
Sunday, Aug 20, 2017 - 11:31 AM (IST)

ਨਵੀਂ ਦਿੱਲੀ— ਤਤਕਾਲ ਕੋਟੇ ਦੀ ਰੇਲ ਟਿਕਟ ਅਜੇ ਤਕ ਟਰੇਨ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਹੀ ਬੁੱਕ ਕਰਾਈ ਜਾ ਸਕਦੀ ਹੈ ਪਰ ਹੁਣ ਇਹ ਇਕ ਦਿਨ ਪਹਿਲਾਂ ਵੀ ਬੁੱਕ ਕਰਾਈ ਜਾ ਸਕੇਗੀ। ਇਹ ਸੁਵਿਧਾ ਆਈ. ਆਰ. ਸੀ. ਟੀ. ਸੀ. ਦੀ ਮੋਬਾਇਲ ਐਪ 'ਤੇ ਮਿਲੇਗੀ। ਇਸ ਲਈ ਤਤਕਾਲ ਕੋਟੇ ਦੀਆਂ 13 ਫੀਸਦੀ ਸੀਟਾਂ ਰਿਜ਼ਰਵ ਰੱਖੀਆਂ ਜਾਣਗੀਆਂ। ਸ਼ਨੀਵਾਰ ਨੂੰ ਕੁਝ ਟਰੇਨਾਂ 'ਚ ਇਸ ਦਾ ਪ੍ਰੀਖਣ ਸ਼ੁਰੂ ਵੀ ਕਰ ਦਿੱਤਾ ਗਿਆ ਹੈ।
ਅਗਸਤ ਦੇ ਆਖਰੀ ਹਫਤੇ ਤਕ ਸਾਰੀਆਂ ਟਰੇਨਾਂ 'ਚ ਇਹ ਸੁਵਿਧਾ ਸ਼ੁਰੂ ਕਰ ਦਿੱਤੀ ਜਾਵੇਗੀ। ਰੇਲ ਮੰਤਰਾਲੇ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਯੋਜਨਾ ਸਫਲ ਹੋਣ 'ਤੇ ਕੁੱਲ ਟਿਕਟਾਂ ਦਾ 20 ਫੀਸਦੀ ਤਕ ਮੋਬਾਇਲ ਐਪ ਲਈ ਛੱਡ ਦਿੱਤਾ ਜਾਵੇਗਾ।
ਮੋਬਾਇਲ ਐਪ ਤੋਂ ਬੁੱਕ ਹੋਣ ਵਾਲੀ ਤਤਕਾਲ ਕੋਟੇ ਦੀ ਟਿਕਟ 'ਤੇ ਵੀ ਮੁਸਾਫਰਾਂ 'ਚੋਂ ਘੱਟੋ-ਘੱਟ ਇਕ ਦੀ ਆਈ. ਡੀ. ਦਾ ਨੰਬਰ ਟਿਕਟ 'ਤੇ ਲਿਖਿਆ ਜਾਵੇਗਾ। ਇਸ ਦੇ ਨਾਲ ਹੀ ਯਾਤਰੀ ਨੂੰ ਅਸਲ ਪਛਾਣ ਪੱਤਰ ਵੀ ਯਾਤਰਾ ਦੌਰਾਨ ਨਾਲ ਰੱਖਣਾ ਹੋਵੇਗਾ। ਅਜਿਹਾ ਨਾ ਕਰਨ 'ਤੇ ਜੁਰਮਾਨਾ ਲਾਇਆ ਜਾਵੇਗਾ।
ਉੱਥੇ ਹੀ, ਏਸੀ ਸ਼੍ਰੇਣੀ ਲਈ ਪਹਿਲੇ ਦੀ ਤਰ੍ਹਾਂ ਸਵੇਰੇ 10 ਤੋਂ 11 ਵਜੇ ਤਕ ਤਤਕਾਲ ਕੋਟੇ ਦੀ ਟਿਕਟ ਬੁੱਕ ਕਰਾਈ ਜਾ ਸਕੇਗੀ। ਬਿਨਾਂ ਏਸੀ ਸ਼੍ਰੇਣੀ ਵਾਲੇ ਕੋਚ ਲਈ ਸਵੇਰੇ 11 ਤੋਂ ਦੁਪਹਿਰ 12 ਵਜੇ ਤਕ ਤਤਕਾਲ ਕੋਟੇ ਦੀ ਟਿਕਟ ਬੁੱਕ ਹੋ ਸਕੇਗੀ। ਮੌਜੂਦਾ ਸਮੇਂ ਆਈ. ਆਰ. ਸੀ. ਟੀ. ਸੀ. ਵੱਲੋਂ ਤਤਕਾਲ ਕੋਟੇ ਦੀ ਚੋਣ ਕਰਨ ਤੋਂ ਪਹਿਲਾਂ ਯਾਤਰੀ ਨੂੰ ਆਮ ਬੁੱਕਿੰਗ ਦੀ ਸਲਾਹ ਦਿੱਤੀ ਜਾਂਦੀ ਹੈ।