ਹੁਣ ਤੁਸੀਂ ਜਹਾਜ਼ ''ਚ ਸਿਰਫ਼ ਇਕ ਘੰਟੇ ''ਚ ਦਿੱਲੀ ਤੋਂ ਸਿੱਧੇ ਜਾ ਸਕੋਗੇ ਬਰੇਲੀ
Tuesday, Mar 09, 2021 - 11:22 AM (IST)
ਨਵੀਂ ਦਿੱਲੀ- ਬਰੇਲੀ-ਦਿੱਲੀ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਹੋ ਗਈ ਹੈ। ਇਸ ਉਡਾਣ ਦੀ ਯਾਤਰਾ ਦਾ ਸਮਾਂ ਸਿਰਫ਼ 60 ਮਿੰਟ ਹੈ। ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੀਤੇ ਦਿਨ ਦਿੱਲੀ ਤੋਂ ਉੱਤਰ ਪ੍ਰਦੇਸ਼ (ਯੂ. ਪੀ.) ਦੇ ਬਰੇਲੀ ਲਈ ਚਲਾਈ ਗਈ ਪਹਿਲੀ ਉਡਾਣ ਨੂੰ ਹਰੀ ਝੰਡੀ ਦਿਖਾਈ। ਇਸ ਉਡਾਣ ਦੇ ਚਾਲਕ ਦਲ ਵਿਚ ਸਾਰੀਆਂ ਔਰਤਾਂ ਸਨ।
ਇਹ ਫਲਾਈਟ ਸਰਕਾਰ ਵੱਲੋਂ ਚਲਾਈ ਜਾ ਰਹੀ ਉਡੇ ਦੇਸ਼ ਦਾ ਆਮ ਨਾਗਰਿਕ (ਆਰ. ਸੀ. ਐੱਸ.-ਉਡਾਣ) ਯੋਜਨਾ ਤਹਿਤ ਸ਼ੁਰੂ ਹੋਈ ਹੈ।
ਦਿੱਲੀ-ਬਰੇਲੀ ਮਾਰਗ 'ਤੇ ਅਲਾਇੰਸ ਏਅਰ ਏਟੀਆਰ 72-600 ਜਹਾਜ਼ ਦੀ ਵਰਤੋਂ ਕਰੇਗੀ, ਜਿਸ ਵਿਚ ਤਕਰੀਬਨ 70 ਯਾਤਰੀ ਸਵਾਰ ਹੋ ਸਕਦੇ ਹਨ। ਹੁਣ ਤੱਕ ਬਰੇਲੀ ਹਵਾਈ ਅੱਡੇ 'ਤੇ ਵਪਾਰਕ ਉਡਾਣਾਂ ਦਾ ਸੰਚਾਲਨ ਨਹੀਂ ਹੁੰਦਾ ਸੀ ਅਤੇ ਇਹ ਹਵਾਈ ਫ਼ੌਜ ਦੇ ਏਅਰਬੇਸ ਦੀ ਤਰ੍ਹਾਂ ਇਸਤੇਮਾਲ ਹੁੰਦਾ ਸੀ। ਭਾਰਤੀ ਹਵਾਈ ਫ਼ੌਜ ਨੇ ਵਪਾਰਕ ਯਾਤਰੀ ਉਡਾਣਾਂ ਦੇ ਸੰਚਾਲਨ ਲਈ ਕੁਝ ਸਾਲ ਪਹਿਲਾਂ ਭਾਰਤੀ ਹਵਾਬਾਜ਼ੀ ਅਥਾਰਟੀ (ਏ. ਏ. ਆਈ.) ਨੂੰ ਜ਼ਮੀਨ ਸੌਂਪੀ ਸੀ। ਹੁਣ ਇਸ ਹਵਾਈ ਅੱਡੇ ਦਾ ਇਸਤੇਮਾਲ ਦੋਹਾਂ ਲਈ ਹੋਵੇਗਾ।