ਸਰਕਾਰ ਨੇ ਦਿੱਤੀ ਖ਼ੁਸ਼ਖ਼ਬਰੀ, ਇਨ੍ਹਾਂ 17 ਮੁਲਕਾਂ ਦੀ ਯਾਤਰਾ ਕਰ ਸਕੋਗੇ ਤੁਸੀਂ

Friday, Oct 16, 2020 - 10:19 PM (IST)

ਸਰਕਾਰ ਨੇ ਦਿੱਤੀ ਖ਼ੁਸ਼ਖ਼ਬਰੀ, ਇਨ੍ਹਾਂ 17 ਮੁਲਕਾਂ ਦੀ ਯਾਤਰਾ ਕਰ ਸਕੋਗੇ ਤੁਸੀਂ

ਨਵੀਂ ਦਿੱਲੀ— ਹੁਣ ਭਾਰਤ ਦੇ ਲੋਕ 17 ਮੁਲਕਾਂ ਦੀ ਯਾਤਰਾ ਕਰ ਸਕਦੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਯੂਕਰੇਨ ਨਾਲ ਵੀ ਇਕ ਵੱਖਰਾ ਦੋ-ਪੱਖੀ ਏਅਰ ਬੱਬਲ ਸਮਝੌਤਾ ਕਰ ਲਿਆ ਹੈ, ਜਿਸ ਤਹਿਤ ਦੋਹਾਂ ਮੁਲਕਾਂ ਦਰਮਿਆਨ ਸੀਮਤ ਉਡਾਣਾਂ ਦੀ ਵਿਵਸਥਾ ਹੋਵੇਗੀ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਸਰਕਾਰ ਵੰਦੇ ਭਾਰਤ ਮਿਸ਼ਨ ਤੋਂ ਇਲਾਵਾ ਹੁਣ ਦੂਜੇ ਦੇਸ਼ਾਂ ਨਾਲ 'ਏਅਰ ਬੱਬਲ' ਸਮਝੌਤਾ ਕਰ ਰਹੀ ਹੈ। ਹੁਣ ਭਾਰਤ ਦੇ ਲੋਕ 17 ਦੇਸ਼ਾਂ ਦੇ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਉੱਥੇ ਦੀ ਯਾਤਰਾ ਕਰ ਸਕਣਗੇ। ਇਨ੍ਹਾਂ ਮੁਲਕਾਂ ਦੇ ਲੋਕ ਵੀ ਭਾਰਤ ਆ ਸਕਦੇ ਹਨ। ਇਸ ਲਈ ਮੰਤਰਾਲਾ ਨੇ ਨਿਯਮ ਨਿਰਧਾਰਤ ਕੀਤੇ ਹੋਏ ਹਨ।

ਇਸ ਤੋਂ ਪਹਿਲਾਂ ਭਾਰਤ ਦਾ ਇਸ ਤਰ੍ਹਾਂ ਦਾ ਸਮਝੌਤਾ 16 ਦੇਸ਼ਾਂ- ਅਫਗਾਨਿਸਤਾਨ, ਬਹਿਰੀਨ, ਓਮਾਨ, ਕੈਨੇਡਾ, ਫਰਾਂਸ, ਜਰਮਨੀ, ਇਰਾਕ, ਜਾਪਾਨ, ਮਾਲਦੀਵ, ਨਾਈਜੀਰੀਆ, ਕਤਰ, ਯੂ. ਏ. ਈ., ਕੀਨੀਆ, ਭੂਟਾਨ, ਯੂ. ਕੇ. ਤੇ ਅਮਰੀਕਾ ਨਾਲ ਸੀ।

ਗੌਰਤਲਬ ਹੈ ਕਿ ਏਅਰ ਬੱਬਲ ਇਕ ਅਸਥਾਈ ਸਮਝੌਤਾ ਹੈ, ਜਿਸ ਤਹਿਤ ਵੱਖ-ਵੱਖ ਦੇਸ਼ ਆਪਣੇ-ਆਪਣੇ ਨਿਯਮਾਂ ਮੁਤਾਬਕ, ਸੀਮਤ ਉਡਾਣਾਂ ਨੂੰ ਮਨਜ਼ੂਰੀ ਦਿੰਦੇ ਹਨ। ਉਂਝ ਭਾਰਤ 'ਚ ਯਾਤਰੀ ਉਡਾਣਾਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ 23 ਮਾਰਚ ਤੋਂ ਮੁਅੱਤਲ ਹਨ। ਹਾਲਾਂਕਿ, ਵਿਸ਼ੇਸ਼ ਕੌਮਾਂਤਰੀ ਉਡਾਣਾਂ ਮਈ ਮਹੀਨੇ ਤੋਂ ਵੰਦੇ ਭਾਰਤ ਮਿਸ਼ਨ ਅਤੇ ਜੁਲਾਈ ਤੋਂ ਚੁਣੇ ਹੋਏ ਦੇਸ਼ਾਂ ਨਾਲ ਦੁਵੱਲੇ 'ਏਅਰ ਬੱਬਲ' ਸਮਝੌਤੇ ਤਹਿਤ ਚੱਲ ਰਹੀਆਂ ਹਨ।


author

Sanjeev

Content Editor

Related News