Jet airways ਦੇ ਸਾਬਕਾ CEO ਖਿਲਾਫ ਨੋਟਿਸ, ਨਹੀਂ ਜਾ ਸਕਣਗੇ ਵਿਦੇਸ਼

Saturday, Jun 01, 2019 - 02:00 PM (IST)

Jet airways ਦੇ ਸਾਬਕਾ CEO ਖਿਲਾਫ ਨੋਟਿਸ, ਨਹੀਂ ਜਾ ਸਕਣਗੇ ਵਿਦੇਸ਼

ਨਵੀਂ ਦਿੱਲੀ— ਨਕਦੀ ਦੀ ਕਮੀ ਅਤੇ ਕਰਜ਼ ਚੜ੍ਹਨ ਕਾਰਨ ਠੱਪ ਹੋਈ ਨਿੱਜੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੇ ਸਾਬਕਾ ਸੀ. ਈ. ਓ. ਵਿਨੇ ਦੁਬੇ ਖਿਲਾਫ ਲੁਕਆਊਟ ਨੋਟਿਸ ਜਾਰੀ ਹੋਇਆ ਹੈ, ਯਾਨੀ ਉਹ ਵਿਦੇਸ਼ ਨਹੀਂ ਜਾ ਸਕਦੇ। ਰਿਪੋਰਟਾਂ ਮੁਤਾਬਕ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੇ ਵਿਨੇ ਦੁਬੇ ਖਿਲਾਫ ਸਰਕੂਲਰ ਜਾਰੀ ਕੀਤਾ ਹੈ। ਜੈੱਟ ਏਅਰਵੇਜ਼ 'ਚ ਵਿੱਤੀ ਗੜਬੜੀ ਦੇ ਮੱਦੇਨਜ਼ਰ ਜਾਂਚ ਚੱਲ ਰਹੀ ਹੈ।


ਇਸ ਤੋਂ ਪਹਿਲਾਂ ਪਿਛਲੇ ਸ਼ਨੀਵਾਰ ਨੂੰ ਜੈੱਟ ਦੇ ਸੰਸਥਾਪਕ ਨਰੇਸ਼ ਗੋਇਲ ਤੇ ਉਨ੍ਹਾਂ ਦੀ ਪਤਨੀ ਅਨੀਤਾ ਨੂੰ ਮੁੰਬਈ 'ਚ ਫਲਾਈਟ ਤੋਂ ਉਤਾਰ ਲਿਆ ਗਿਆ ਸੀ। ਉਹ ਦੋਵੇਂ ਵਿਦੇਸ਼ ਜਾ ਰਹੇ ਸਨ। ਗੋਇਲ ਖਿਲਾਫ ਕਾਰਪੋਰੇਟ ਮੰਤਰਾਲਾ ਤੇ ਗੰਭੀਰ ਧੋਖਾਧੜੀ ਜਾਂਚ ਵਿਭਾਗ ਨੇ ਨੋਟਿਸ ਜਾਰੀ ਕੀਤਾ ਸੀ। ਰਿਪੋਰਟਾਂ ਮੁਤਾਬਕ, ਆਰਥਿਕ ਅਪਰਾਧ 'ਚ ਸ਼ੱਕੀ 20 ਲੋਕਾਂ ਖਿਲਾਫ ਨੋਟਿਸ ਜਾਰੀ ਹੋਏ ਹਨ। ਉਨ੍ਹਾਂ 'ਚ ਵਿਨੇ ਦੁਬੇ ਵੀ ਸ਼ਾਮਲ ਹਨ।
ਵਿਨੇ ਦੁਬੇ ਨੇ ਨਿੱਜੀ ਕਾਰਨ ਦੱਸਦੇ ਹੋਏ 14 ਮਈ ਨੂੰ ਸੀ. ਈ. ਓ. ਦੀ ਪੋਸਟ ਛੱਡ ਦਿੱਤੀ ਸੀ। ਉੱਥੇ ਹੀ, ਬੈਂਕਾਂ ਵੱਲੋਂ ਕੰਪਨੀ ਨੂੰ ਕੰਟਰੋਲ 'ਚ ਲੈਣ ਕਾਰਨ ਨਰੇਸ਼ ਗੋਇਲ ਤੇ ਉਨ੍ਹਾਂ ਦੀ ਪਤਨੀ ਨੇ 25 ਮਾਰਚ ਨੂੰ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ। ਨਰੇਸ਼ ਗੋਇਲ ਨੇ ਚੇਰਅਰਮੈਨੀ ਵੀ ਛੱਡ ਦਿੱਤੀ ਸੀ। ਬੈਂਕਾਂ ਵੱਲੋਂ ਫੰਡ ਨਾ ਮਿਲਣ ਕਾਰਨ ਜੈੱਟ ਦਾ ਕੰਮਕਾਜ 17 ਅਪ੍ਰੈਲ ਤੋਂ ਬੰਦ ਹੈ। ਬੈਂਕਾਂ ਵੱਲੋਂ ਜੈੱਟ ਏਅਰਵੇਜ਼ ਦੀ ਹਿੱਸੇਦਾਰੀ ਵੇਚਣ ਲਈ ਬੋਲੀ ਪ੍ਰਕਿਰਿਆ ਜਾਰੀ ਹੈ। ਕੰਪਨੀ 'ਤੇ ਤਕਰੀਬਨ 8,400 ਕਰੋੜ ਰੁਪਏ ਦਾ ਕਰਜ਼ਾ ਹੈ।


Related News