ਸੇਲ ਦੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਕੋਈ ਯੋਜਨਾ ਨਹੀਂ : ਪ੍ਰਧਾਨ

06/17/2021 10:11:48 PM

ਨਵੀਂ ਦਿੱਲੀ- ਕੇਂਦਰੀ ਸਟੀਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਨੂੰ ਕਿਹਾ ਕਿ ਜਨਤਕ ਖੇਤਰ ਦੀ ਇਕ ਕੰਪਨੀ ਸੇਲ ਦੇ ਕਰਮਚਾਰੀਆਂ ਦੀ ਛੁੱਟੀ ਕਰਨ ਜਾਂ ਉਨ੍ਹਾਂ ਦੀ ਗਿਣਤੀ ਘਟਾਉਣ ਦੀ ਕੋਈ ਯੋਜਨਾ ਨਹੀਂ ਹੈ।

ਪੱਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿੱਤਰਾ ਨੂੰ ਲਿਖੇ ਇਕ ਪੱਤਰ ਵਿਚ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਸੇਲ ਆਪਣੇ ਕਰਮਚਾਰੀਆਂ ਦੀ ਖਿਆਲ ਕਰੇਗੀ। ਧਿਆਨ ਯੋਗ ਹੈ ਕਿ ਮਿੱਤਰਾ ਨੇ ਬੁੱਧਵਾਰ ਨੂੰ ਸਟੀਲ ਮੰਤਰੀ ਨੂੰ ਸਟੀਲ ਅਥਾਰਟੀ ਆਫ ਇੰਡੀਆ (ਸੇਲ) ਦੇ ਕੋਲਕਾਤਾ ਵਿਚ ਕੱਚਾ ਮਾਲ ਡਵੀਜ਼ਨ ਨੂੰ ਬੰਦ ਕਰਨ ਦੇ ਮਾਮਲੇ ਵਿਚ ਦਖ਼ਲ ਦੇਣ ਅਤੇ ਉਸ ਨੂੰ ਰੋਕਣ ਦੀ ਮੰਗ ਕੀਤੀ ਸੀ।

ਪ੍ਰਧਾਨ ਨੇ ਪੱਤਰ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੇਲ ਇਕ ਜ਼ਿੰਮੇਵਾਰ ਨੌਕਰੀਦਾਤਾ ਹੈ। ਉਹ ਕਰਮਚਾਰੀਆਂ ਦਾ ਪੂਰਾ ਧਿਆਨ ਰੱਖ ਰਹੀ ਹੈ। ਮੈਨੂੰ ਉਮੀਦ ਹੈ ਕਿ ਤੁਹਾਡੇ ਵੱਲੋਂ ਪ੍ਰਗਟ ਕੀਤੀਆਂ ਗਈਆਂ ਚਿੰਤਾਵਾਂ ਦਾ ਹੱਲ ਹੋ ਗਿਆ ਹੋਵੇਗਾ। ਸਟੀਲ ਮੰਤਰੀ ਨੇ ਇਹ ਵੀ ਕਿਹਾ ਕਿ ਦੁਰਗਾਪੁਰ ਸਟੀਲ ਪਲਾਂਟ (ਡੀ. ਐੱਸ. ਪੀ.) ਅਤੇ ਇਸਕੋ ਸਟੀਲ ਪਲਾਂਟ (ਆਈ. ਐੱਸ. ਪੀ.) ਦੋ ਨਾਮਵਰ ਫੈਕਟਰੀਆਂ ਹਨ ਜਿਨ੍ਹਾਂ 'ਤੇ ਸੇਲ ਨੇ ਵੱਡੇ ਨਿਵੇਸ਼ ਕੀਤੇ ਹਨ। ਪ੍ਰਧਾਨ ਨੇ ਕਿਹਾ ਕਿ ਹਾਲਾਂਕਿ, ਪੱਛਮੀ ਬੰਗਾਲ ਵਿਚ ਲੋਹੇ ਦੀਆਂ ਖਾਨਾਂ ਨਹੀਂ ਹਨ, ਫਿਰ ਵੀ ਕੱਚਾ ਮਾਲ ਦੇ ਤਾਲਮੇਲ ਰਾਹੀਂ ਦੂਜੇ ਸੂਬਿਆਂ ਵਿਚ ਸਥਿਤ ਸੇਲ ਦੀਆਂ ਖਾਨਾਂ ਤੋਂ ਭੇਜਿਆ ਜਾਂਦਾ ਹੈ।
 


Sanjeev

Content Editor

Related News