ਸਸਤੀ SUV ਨਿਸਾਨ ਮੈਗਨਾਈਟ ਦਾ ਇੰਤਜ਼ਾਰ ਹੋ ਸਕਦਾ ਹੈ ਲੰਮਾ, ਜਾਣੋ ਵਜ੍ਹਾ
Sunday, Jun 21, 2020 - 02:23 PM (IST)

ਨਵੀਂ ਦਿੱਲੀ— ਨਿਸਾਨ ਮੈਗਨਾਈਟ ਸਪੋਰਟਸ ਯੂਟਿਲਟੀ ਵ੍ਹੀਕਲ (ਐੱਸ. ਯੂ. ਵੀ.) ਦੇਸ਼ 'ਚ ਆਉਣ ਵਾਲੀਆਂ ਬਹੁ-ਉਡੀਕੀ ਕਾਰਾਂ 'ਚੋਂ ਇਕ ਹੈ। ਇਸ ਨਵੀਂ ਅਤੇ ਸਸਤੀ ਐੱਸ. ਯੂ. ਵੀ. ਦਾ ਇੰਤਜ਼ਾਰ ਹੁਣ ਲੰਮਾ ਹੋ ਸਕਦਾ ਹੈ। 4-ਮੀਟਰ ਤੋਂ ਛੋਟੀ ਇਹ ਐੱਸ. ਯੂ. ਵੀ. ਇਸ ਸਾਲ ਅਗਸਤ 'ਚ ਲਾਂਚ ਹੋਣ ਵਾਲੀ ਸੀ। ਇਕ ਨਵੀਂ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਹੁਣ ਨਿਸਾਨ ਮੈਗਨਾਈਟ ਜਨਵਰੀ 2021 'ਚ ਬਾਜ਼ਾਰ 'ਚ ਉਤਾਰੀ ਜਾਵੇਗੀ। ਬਾਜ਼ਾਰ 'ਚ ਇਸ ਦੀ ਟੱਕਰ ਮਾਰੂਤੀ ਬਰੇਜ਼ਾ, ਹੁੰਡਈ ਵੈਨਿਊ, ਟਾਟਾ ਨੈਕਸਨ, ਮਹਿੰਦਰਾ ਐੱਸ. ਯੂ. ਵੀ.-300 ਅਤੇ ਕਿਆ ਦੀ ਆਉਣ ਵਾਲੀ ਸਾਨੇਟ ਵਰਗੀਆਂ ਐੱਸ. ਯੂ. ਵੀ. ਨਾਲ ਹੋਵੇਗੀ।
ਕੀ ਹੈ ਵਜ੍ਹਾ-
ਨਿਸਾਨ ਮੈਗਨਾਈਟ ਦੀ ਲਾਂਚਿੰਗ 'ਚ ਦੇਰੀ ਦੀਆਂ ਦੋ ਵਜ੍ਹਾ ਹਨ। ਪਹਿਲਾ, ਕੋਰੋਨਾ ਵਾਇਰਸ ਲਾਕਡਾਊਨ ਕਾਰਨ ਇਸ ਐੱਸ. ਯੂ. ਵੀ. ਦਾ ਉਤਪਾਦਨ ਯੋਜਨਾ ਮੁਤਾਬਕ ਨਹੀਂ ਹੋ ਸਕਿਆ। ਦੂਜਾ, ਇਸ ਸਮੇਂ ਆਟੋਮੋਬਾਇਲ ਇੰਡਸਟਰੀ ਮੁਸ਼ਕਲ ਦੌਰ 'ਚੋਂ ਲੰਘ ਰਹੀ ਹੈ ਅਤੇ ਬਾਜ਼ਾਰ 'ਚ ਗਾਹਕ ਨਹੀਂ ਹਨ। ਅਜਿਹੇ 'ਚ ਨਿਸਾਨ ਦਾ ਮੰਨਣਾ ਹੈ ਕਿ ਆਪਣੀ ਇਸ ਖਾਸ ਗੱਡੀ ਨੂੰ ਕੁਝ ਸਮੇਂ ਪਿੱਛੋਂ ਹੀ ਬਾਜ਼ਾਰ 'ਚ ਉਤਰਾਨਾ ਬਿਹਤਰ ਹੋਵੇਗਾ।
ਇਸ ਇੰਜਣ 'ਚ ਹੋਵੇਗੀ ਉਪਲਬਧ
ਇਹ ਗੱਡੀ ਸਿਰਫ ਪੈਟਰੋਲ ਇੰਜਣ 'ਚ ਉਪਲਬਧ ਹੋਵੇਗੀ। ਇਸ ਇੰਜਣ ਦੇ ਦੋ ਬਦਲ ਹੋਣਗੇ, ਜਿਨ੍ਹਾਂ 'ਚ 1.0 ਲਿਟਰ ਨੈਚੁਰਲੀ ਐਸਪਰੇਟਿਡ ਪੈਟਰੋਲ ਅਤੇ ਦੂਜਾ 1.0 ਲਿਟਰ ਟਰਬੋਚਾਰਜਡ ਪੈਟਰੋਲ ਇੰਜਣ ਸ਼ਾਮਲ ਹੈ। ਨੈਚੁਰਲੀ ਐਸਪਰੇਟਿਡ ਇੰਜਣ 71-ਬੀ. ਐੱਚ. ਪੀ. ਦੀ ਪਾਵਰ ਅਤੇ 96 ਐੱਨ. ਐੱਮ. ਟਾਰਕ ਜੇਨਰੇਟ ਕਰਦਾ ਹੈ, ਜਦੋਂ ਕਿ ਟਰਬੋਚਾਰਜਡ ਪੈਟਰੋਲ 99-ਬੀ. ਐੱਚ. ਪੀ. ਦੀ ਪਾਵਰ ਅਤੇ 160 ਐੱਨ. ਐੱਮ. ਟਾਰਕ ਜੇਨਰੇਟ ਕਰਦਾ ਹੈ। ਦੋਹਾਂ ਇੰਜਣਾਂ ਨਾਲ 5 ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਮਿਲੇਗਾ। ਟਰਬੋ ਇੰਜਣ ਨਾਲ ਸੀ. ਵੀ. ਟੀ. ਆਟੋਮੈਟਿਕ ਟ੍ਰਾਂਸਮਿਸ਼ਨ ਦਾ ਬਦਲ ਵੀ ਹੋਵੇਗਾ।
ਕੀਮਤ-
ਰਿਪੋਰਟਾਂ ਮੁਚਾਬਕ, ਨਿਸਾਨ ਮੈਗਨਾਈਟ ਦੇਸ਼ ਦੀ ਸਭ ਤੋਂ ਸਸਤੀ ਸਬ-ਕੰਪੈਕਟ ਐੱਸ. ਯੂ. ਵੀ. (4-ਮੀਟਰ ਤੋਂ ਘੱਟ) ਹੋਵੇਗੀ। ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਦੀ ਕੀਮਤ 5.25 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ।
ਇੰਨਾ ਹੀ ਨਹੀਂ ਸੀ. ਵੀ. ਟੀ. ਗੀਅਰਬਾਕਸ ਵਾਲੇ ਟਰਬੋ-ਪੈਟਰੋਲ ਇੰਜਣ ਵਾਲੇ ਮਾਡਲ ਦੀ ਕੀਮਤ ਵੀ 6 ਲੱਖ ਰੁਪਏ ਤੋਂ ਘੱਟ ਸ਼ੁਰੂ ਹੋਣ ਦੀ ਉਮੀਦ ਹੈ।