PNB ਦੇ ਗਾਹਕਾਂ ਲਈ ਰਾਹਤ ਦੀ ਖ਼ਬਰ, ਬੈਂਕ ਨੇ ਗੋਲਡ ਲੋਨ ’ਤੇ ਵਿਆਜ ਦਰ ਘਟਾਈ
Thursday, Oct 14, 2021 - 02:02 PM (IST)
ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਆਪਣੇ ਤਿਓਹਾਰੀ ਆਫਰ ਦੇ ਤਹਿਤ ਸੋਨੇ ਦੇ ਗਹਿਣੇ ਅਤੇ ਸਾਵਰੇਨ ਗੋਲਡ ਬਾਂਡ ਦੇ ਇਵਜ ’ਚ ਕਰਜ਼ੇ ’ਤੇ ਵਿਆਜ ਦਰ ’ਚ 1.45 ਫ਼ੀਸਦੀ ਕਮੀ ਕੀਤੀ। ਬੈਂਕ ਨੇ ਕਿਹਾ ਕਿ ਪੀ. ਐੱਨ. ਬੀ. ਹੁਣ ਸਾਵਰੇਨ ਗੋਲਡ ਬਾਂਡ (ਐੱਸ. ਜੀ. ਬੀ.) ’ਤੇ 7.20 ਫ਼ੀਸਦੀ ਅਤੇ ਸੋਨੇ ਦੇ ਗਹਿਣੇ ਦੇ ਬਦਲੇ 7.30 ਫ਼ੀਸਦੀ ਵਿਆਜ ’ਤੇ ਕਰਜ਼ਾ ਦੇਵੇਗਾ। ਇਸ ਤੋਂ ਇਲਾਵਾ ਪੀ. ਐੱਨ. ਬੀ. ਨੇ ਘਰ ਲਈ ਕਰਜ਼ੇ ’ਤੇ ਵੀ ਵਿਆਜ ਦਰ ’ਚ ਕਟੌਤੀ ਕੀਤੀ ਹੈ। ਇਹ ਹੁਣ 6.60 ਫ਼ੀਸਦੀ ਤੋਂ ਸ਼ੁਰੂ ਹੁੰਦਾ ਹੈ, ਜਦੋਂ ਕਿ ਗਾਹਕ 7.15 ਫ਼ੀਸਦੀ ਦੀ ਦਰ ਨਾਲ ਕਾਰ ਲਈ ਕਰਜ਼ਾ ਅਤੇ 8.95 ਫ਼ੀਸਦੀ ਦੇ ਵਿਆਜ ’ਤੇ ਨਿੱਜੀ ਕਰਜ਼ਾ (ਪ੍ਰਸਨਲ ਲੋਨ) ਦਾ ਲਾਭ ਉਠਾ ਸਕਦੇ ਹਨ।
ਬੈਂਕ ਦਾ ਦਾਅਵਾ ਹੈ ਕਿ ਇਹ ਉਦਯੋਗ ’ਚ ਸਭ ਤੋਂ ਘੱਟ ਦਰ ’ਚ ਹੈ। ਤਿਓਹਾਰੀ ਸੀਜ਼ਨ ਦੌਰਾਨ ਬੈਂਕ ਘਰ ਲਈ ਕਰਜ਼ਾ ਅਤੇ ਵਾਹਨ ਲਈ ਕਰਜ਼ੇ ਦੇ ਬਰਾਬਰ, ਸੋਨੇ ਦੇ ਗਹਿਣੇ ਅਤੇ ਐੱਸ. ਜੀ. ਬੀ. ਕਰਜ਼ੇ ’ਤੇ ਸਰਵਿਸ ਫੀਸ/ਪ੍ਰੋਸੈਸਿੰਗ ਫੀਸ ’ਚ ਪੂਰਨ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਬੈਂਕ ਨੇ ਘਰ ਲਈ ਕਰਜ਼ੇ ’ਤੇ ਮਾਰਜਿਨ ਵੀ ਘਟਾ ਦਿੱਤਾ ਹੈ। ਕਰਜ਼ਾ ਲੈਣ ਵਾਲੇ ਗਾਹਕ ਹੁਣ ਜਾਇਦਾਦ ਮੁੱਲ ਦੇ 80 ਫ਼ੀਸਦੀ ਤੱਕ ਕਰਜ਼ਾ ਲੈ ਸਕਣਗੇ।