ਚੰਡੀਗੜ੍ਹ ਤੋਂ ਉਡਾਣ ਭਰਨ ਵਾਲੇ ਹਵਾਈ ਮੁਸਾਫ਼ਰਾਂ ਲਈ ਵੱਡੀ ਖ਼ੁਸ਼ਖ਼ਬਰੀ

9/5/2020 7:27:43 PM

ਨਵੀਂ ਦਿੱਲੀ— ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਕੰਪਨੀ ਅਲਾਇੰਸ ਏਅਰ 7 ਸਤੰਬਰ ਤੋਂ ਦਿੱਲੀ ਅਤੇ ਚੰਡੀਗੜ੍ਹ ਤੋਂ ਹੋਰ ਘਰੇਲੂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਸਰਕਾਰ ਵੱਲੋਂ ਹਾਲ ਹੀ 'ਚ ਏਅਰਲਾਈਨਾਂ ਨੂੰ ਘਰੇਲੂ ਉਡਾਣਾਂ ਦੀ ਗਿਣਤੀ ਵਧਾਉਣ ਦੀ ਹਰੀ ਝੰਡੀ ਦਿੱਤੀ ਗਈ ਸੀ।

ਇਸ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ, ਜੋ ਲੰਮੇ ਸਫ਼ਰ ਲਈ ਹਵਾਈ ਜਹਾਜ਼ 'ਚ ਯਾਤਰਾ ਕਰਨ ਬਾਰੇ ਸੋਚ ਰਹੇ ਹਨ। ਗੋਏਅਰ ਨੇ ਵੀ ਸ਼ਨੀਵਾਰ ਤੋਂ ਆਪਣੇ ਘਰੇਲੂ ਨੈੱਟਵਰਕ 'ਚ 100 ਤੋਂ ਵੱਧ ਉਡਾਣਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਹੈ।

ਗੋਏਅਰ ਦੇ ਨਵੇਂ ਮਾਰਗਾਂ 'ਚ ਚੰਡੀਗੜ੍ਹ, ਮੁੰਬਈ, ਦਿੱਲੀ, ਬੇਂਗਲੁਰੂ, ਚੇਨਈ, ਅਹਿਮਦਾਬਾਦ, ਹੈਦਰਾਬਾਦ, ਕੋਲਕਾਤਾ,  ਲਖਨਊ, ਪੁਣੇ, ਨਾਗਪੁਰ, ਵਾਰਾਣਸੀ, ਜੈਪੁਰ, ਪਟਨਾ, ਰਾਂਚੀ, ਗੁਹਾਟੀ, ਸ਼੍ਰੀਨਗਰ, ਲੇਹ ਅਤੇ ਜੰਮੂ ਜਾਣ ਤੇ ਆਉਣ ਵਾਲੀਆਂ ਉਡਾਣਾਂ ਸ਼ਾਮਲ ਹਨ।

ਉੱਥੇ ਹੀ, ਅਲਾਇੰਸ ਏਅਰ ਦੀ ਗੱਲ ਕਰੀਏ ਤਾਂ 7 ਸਤੰਬਰ ਤੋਂ ਇਹ ਦਿੱਲੀ ਤੋਂ ਪ੍ਰਯਾਗਰਾਜ ਅਤੇ ਚੰਡੀਗੜ੍ਹ ਤੋਂ ਕੁੱਲੂ ਵਿਚਕਾਰ ਉਡਾਣਾਂ ਸ਼ੁਰੂ ਕਰੇਗੀ। ਏਅਰਲਾਈਨ ਨੇ ਅੱਜ ਕਿਹਾ ਕਿ ਦਿੱਲੀ ਤੋਂ ਪ੍ਰਯਾਗਰਾਜ ਦੀ ਉਡਾਣ ਸਵੇਰੇ 6.45 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 8.30 ਵਜੇ ਪ੍ਰਯਾਗਰਾਜ ਪਹੁੰਚੇਗੀ। ਵਾਪਸੀ ਦੀ ਉਡਾਣ ਸਵੇਰੇ 9 ਵਜੇ ਰਵਾਨਾ ਹੋ ਕੇ 10.45 'ਤੇ ਦਿੱਲੀ ਹਵਾਈ ਅੱਡੇ 'ਤੇ ਉਤਰੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਕੁੱਲੂ ਦੀ ਫਲਾਈਟ ਸਵੇਰੇ 10 ਵਜੇ ਉਡਾਣ ਭਰੇਗੀ ਅਤੇ 11 ਵਜੇ ਕੁੱਲੂ ਪਹੁੰਚੇਗੀ। ਵਾਪਸੀ 'ਚ 11.30 ਵਜੇ ਰਵਾਨਾ ਹੋ ਕੇ ਇਹ 12.30 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਉਡਾਣ ਸੇਵਾ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲਬਧ ਹੋਵੇਗੀ। ਇਨ੍ਹਾਂ ਦੋਹਾਂ ਮਾਰਗਾਂ 'ਤੇ 70 ਸੀਟਾਂ ਵਾਲੇ ਏ. ਟੀ. ਆਰ.-72 ਜਹਾਜ਼ਾਂ ਦਾ ਸੰਚਾਲਨ ਕੀਤਾ ਜਾਵੇਗਾ।


Sanjeev

Content Editor Sanjeev