ਚੋਰ ਵੀ ਹੋ ਰਹੇ ਅਪਡੇਟ, ਮਿੰਟਾਂ 'ਚ ਖਾਤਾ ਖਾਲੀ ਕਰਨ ਦਾ ਲੱਭਿਆ ਨਵਾਂ ਤਰੀਕਾ

Friday, Nov 16, 2018 - 11:11 AM (IST)

ਚੋਰ ਵੀ ਹੋ ਰਹੇ ਅਪਡੇਟ, ਮਿੰਟਾਂ 'ਚ ਖਾਤਾ ਖਾਲੀ ਕਰਨ ਦਾ ਲੱਭਿਆ ਨਵਾਂ ਤਰੀਕਾ

ਨਵੀਂ ਦਿੱਲੀ — ਬੈਂਕ ਖਾਤੇ ਹੈਕ ਕਰਨ ਅਤੇ ਖਾਤੇ ਵਿਚੋਂ ਧੋਖੇ ਨਾਲ ਪੈਸੇ ਕਢਵਾਉਣ ਦੀਆਂ ਖਬਰਾਂ ਤਾਂ ਤੁਸੀਂ ਬਹੁਤ ਵਾਰ ਸੁਣੀਆਂ ਹੋਣਗੀਆਂ। ATM ਕਾਰਡ ਬਦਲ ਕੇ ਜਾਂ ਫਿਰ ਘਪਲੇ ਕਰਕੇ ਧੋਖਾਧੜੀ ਕਰਨ ਦੇ ਮਾਮਲੇ ਹੁਣ ਪੁਰਾਣੇ ਹੋ ਗਏ ਹਨ। ਹੁਣ ਤੁਹਾਡੇ ਖਾਤੇ ਵਿਚੋਂ ਪੈਸੇ ਟਰਾਂਸਫਰ ਕਰਨ ਲਈ ਤੁਹਾਡਾ ਸਿਮ ਹੀ ਕਾਫੀ ਹੈ। 

ਜੇਕਰ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਜਿਸ ਵਿਚ ਕਾਲਰ ਤੁਹਾਨੂੰ ਕਹਿੰਦਾ ਹੈ 'ਜੇਕਰ ਤੁਸੀਂ ਆਪਣਾ ਸਿਮ ਕਾਰਡ ਅਪਡੇਟ ਨਹੀਂ ਕਰਦੇ ਤਾਂ ਸਿਮ ਡੀਐਕਟੀਵੇਟ ਹੋ ਜਾਵੇਗਾ' ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਅੱਜਕੱਲ੍ਹ ਸਿਮ ਡੀਐਕਟੀਵੇਟ ਹੋਣ ਦਾ ਡਰ ਦਿਖਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। 

ਲੱਗ ਚੁੱਕਾ ਹੈ ਲੱਖਾਂ ਦਾ ਚੂਨਾ

ਪਿਛਲੇ ਦਿਨੀਂ ਦਿੱਲੀ ਦੇ ਇਕ ਵਿਅਕਤੀ ਨੂੰ ਸਿਮ ਸਵੈਪਿੰਗ ਦੇ ਜ਼ਰੀਏ ਕਰੀਬ 4 ਲੱਖ ਰੁਪਏ ਦਾ ਚੂਨਾ ਲੱਗ ਗਿਆ। ਇਸ ਤੋਂ ਪਹਿਲਾਂ ਪੂਣੇ ਦੇ ਇਕ ਵਿਅਕਤੀ ਨਾਲ ਕਰੀਬ 1 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਦੋਸਤ ਨੂੰ ਇਸ ਤਰ੍ਹਾਂ ਦਾ ਕੋਈ ਕਾਲ ਆਉਂਦਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਿਮ ਸਵੈਪਿੰਗ ਆਖਿਰ ਹੁੰਦੀ ਕੀ ਹੈ ਅਤੇ ਹੈਕਰ ਕਿਵੇਂ ਤੁਹਾਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

ਕੀ ਹੈ ਸਿਮ ਸਵੈਪ

ਸਿਮ ਸਵੈਪ ਦਾ ਸਿੱਧਾ ਜਿਹਾ ਮਤਲਬ ਹੈ ਸਿਮ ਐਕਸਚੇਂਜ। ਇਸ ਵਿਚ ਤੁਹਾਡੇ ਫੋਨ ਨੰਬਰ ਤੋਂ ਇਕ ਨਵੇਂ ਸਿਮ ਦਾ ਰਜਿਸਟਰੇਸ਼ਨ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਹੋਣ ਨਾਲ ਤੁਹਾਡਾ ਸਿਮ ਕਾਰਡ ਤੁਰੰਤ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਤੁਹਾਡੇ ਫੋਨ ਵਿਚ ਸਿਗਨਲ ਆਉਣਾ ਬੰਦ ਹੋ ਜਾਂਦਾ ਹੈ। ਇਹ ਇੰਨੀ ਜਲਦੀ ਹੁੰਦਾ ਹੈ ਕਿ ਕੁਝ ਦੇਰ ਲਈ ਤਾਂ ਤੁਸੀਂ ਸਮਝ ਵੀ ਨਹੀਂ ਪਾਉਂਦੇ ਕਿ ਤੁਹਾਡੇ ਨਾਲ ਹੋਇਆ ਕੀ ਹੈ। ਜਿਸ ਸਮੇਂ ਤੱਕ ਸਮਝ ਆਉਂਦੀ ਹੈ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ। ਹੈਕਰ ਤੁਹਾਡੇ ਨੰਬਰ ਤੋਂ ਰਜਿਸਟਰ ਹੋਏ ਦੂਜੇ ਸਿਮ 'ਤੇ ਆਉਣ ਵਾਲੇ ਓ.ਟੀ.ਪੀ. ਦੀ ਵਰਤੋਂ ਕਰਕੇ ਪੈਸੇ ਆਪਣੇ ਖਾਤੇ ਵਿਚ ਟਰਾਂਸਫਰ ਕਰ ਲੈਂਦੇ ਹਨ।

ਇਸ ਤਰ੍ਹਾਂ ਹੁੰਦੀ ਹੈ ਸਿਮ ਸਵੈਪਿੰਗ ਦੀ ਸ਼ੁਰੂਆਤ

ਸਿਮ ਸਵੈਪਿੰਗ ਦੀ ਸ਼ੁਰੂਆਤ ਇਕ ਕਾਲ ਤੋਂ ਸ਼ੁਰੂ ਹੁੰਦੀ ਹੈ। ਇਸ ਕਾਲ ਜ਼ਰੀਏ ਕਾਲਰ ਦਾਅਵਾ ਕਰਦਾ ਹੈ ਕਿ  ਉਹ ਟੈਲੀਕਾਮ ਕੰਪਨੀ ਦਾ ਐਗਜ਼ੀਕਿਊਟਿਵ ਬੋਲ ਰਿਹਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਤੁਹਾਡਾ ਸਿਮ ਅਪਡੇਟ ਨਹੀਂ ਹੈ। ਸਿਮ ਅਪਡੇਟ ਹੋਣ 'ਤੇ ਤੁਹਾਡੀ ਕਾਲ ਡਰਾਪਿੰਗ ਦੀ ਸਮੱਸਿਆ ਠੀਕ ਹੋ ਜਾਵੇਗੀ ਅਤੇ ਇੰਟਰਨੈੱਟ ਦੀ ਸਪੀਡ ਵਧ ਜਾਵੇਗੀ। ਇਸ ਦੌਰਾਨ ਉਹ ਤੁਹਾਡੇ ਕੋਲੋਂ ਤੁਹਾਡੇ ਸਿਮ ਦਾ 20  ਡਿਜਿਟ ਦਾ ਯੂਨੀਕ ਨੰਬਰ ਮੰਗਦਾ ਹੈ। ਕਈ ਵਾਰ ਲੋਕ ਗੱਲਾਂ ਵਿਚ ਆ ਕੇ ਸਿਮ ਦੇ ਪਿੱਛੇ ਲਿਖਿਆ ਹੋਇਆ ਯੂਨੀਕ ਨੰਬਰ ਦੇ ਦਿੰਦੇ ਹਨ।

ਯੂਨੀਕ ਨੰਬਰ ਲੈਣ ਤੋਂ ਬਾਅਦ ਕਾਲਰ ਤੁਹਾਨੂੰ 1 ਨੰਬਰ ਪ੍ਰੈੱਸ ਕਰਨ ਲਈ ਕਹਿੰਦਾ ਹੈ। ਇਸ ਨਾਲ ਆਥੈਂਟਿਕੇਸ਼ਨ ਹੁੰਦਾ ਹੈ ਅਤੇ ਸਿਮ ਸਵੈਪ ਦਾ ਪ੍ਰੋਸੈੱਸ ਪੂਰਾ ਹੋ ਜਾਂਦਾ ਹੈ। ਸਿਮ ਸਵੈਪ ਹੁੰਦੇ ਹੀ ਤੁਹਾਡੇ ਨੰਬਰ ਦੇ ਸਿਗਨਲ ਗਾਇਬ ਹੋ ਜਾਂਦੇ ਹਨ ਅਤੇ ਦੂਜੇ ਪਾਸੇ ਤੁਹਾਡੇ ਨੰਬਰ ਵਾਲੇ ਸਕੈਮਰ ਦੇ ਸਿਮ ਕਾਰਡ ਵਾਲੇ ਫੋਨ 'ਚ ਸਿਗਨਲ ਆਉਣ ਲੱਗਦੇ ਹਨ। ਜ਼ਿਆਦਾਤਰ ਕੇਸਾਂ ਵਿਚ ਸਕੈਮਰ ਕੋਲ ਤੁਹਾਡੀ ਬੈਂਕਿੰਗ ਆਈ.ਡੀ. ਅਤੇ ਪਾਸਵਰਡ ਹੁੰਦਾ ਹੈ। ਹੁਣ ਉਸਨੂੰ ਬਸ ਓ.ਟੀ.ਪੀ. ਦੀ ਜ਼ਰੂਰਤ ਹੁੰਦੀ ਹੈ, ਜਿਹੜਾ ਕਿ ਸਿਮ 'ਚ ਆਉਂਦਾ ਹੈ।


Related News