ਨਸ਼ੇ ਦਾ ਸੇਵਨ ਕਰਨ ਦੇ ਦੋਸ਼ ’ਚ ਇਕ ਵਿਅਕਤੀ ਗ੍ਰਿਫ਼ਤਾਰ
Thursday, Sep 25, 2025 - 02:53 PM (IST)

ਜਲਾਲਾਬਾਦ (ਬਜਾਜ) : ਥਾਣਾ ਅਮੀਰ ਖਾਸ ਦੀ ਪੁਲਸ ਵੱਲੋਂ ਇਕ ਵਿਅਕਤੀ ਨੂੰ ਨਸ਼ੇ ਦਾ ਸੇਵਨ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ-ਕਮ-ਐੱਚ. ਸੀ. ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਦੇ ਨਾਲ ਥਾਣਾ ਅਮੀਰ ਖਾਸ ਏਰੀਏ ਵਿੱਚ ਗਸ਼ਤ ਦੌਰਾਨ ਮੌਜੂਦ ਸੀ।
ਇਸ ਦੌਰਾਨਜਲਾਲਾਬਾਦ ਤੋਂ ਮੁਕਤਸਰ ਸਾਹਿਬ ਜੀ. ਟੀ. ਰੋਡ ਤੋਂ ਲਿੰਕ ਰੋਡ ਚੱਕ ਸੈਦੋਕੇ ਪੁੱਜੇ ਤਾਂ ਇਕ ਨੌਜਵਾਨ ਵਿਅਕਤੀ ਨਸ਼ੇ ਦਾ ਸੇਵਨ ਕਰ ਰਿਹਾ ਸੀ, ਜੋ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ ਲੱਗਾ, ਜਿਸਨੂੰ ਕਾਬੂ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ ਅਤੇ ਇਸ ਦੌਰਾਨ ਉਸ ਕੋਲੋ ਇਕ ਲਾਈਟਰ, ਸਿਲਵਰ ਪੰਨੀ, 10 ਰੁਪਏ ਦਾ ਸੜਿਆ ਨੋਟ ਵੀ ਬਰਾਮਦ ਕੀਤਾ ਗਿਆ। ਇਸ ਵਿਅਕਤੀ ਦੀ ਪਛਾਣ ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੱਕ ਸੈਦੋਕੇ ਵਜੋਂ ਹੋਈ ਹੈ। ਥਾਣਾ ਅਮੀਰ ਖਾਸ ਵਿਖੇ ਸੰਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।