ਅਮਰੀਕਾ ਦੀਆਂ ਨਵੀਆਂ ਪਾਬੰਦੀਆਂ ਨਾਲ ਭਾਰਤ ’ਚ ਰੂਸੀ ਤੇਲ ਦੀ ਦਰਾਮਦ ਹੋਵੇਗੀ ਪ੍ਰਭਾਵਿਤ!
Monday, Nov 24, 2025 - 03:20 PM (IST)
ਨਵੀਂ ਦਿੱਲੀ (ਭਾਸ਼ਾ) - ਰੂਸੀ ਕੱਚੇ ਤੇਲ ਦੇ ਪ੍ਰਮੁੱਖ ਬਰਾਮਦਕਾਰਾਂ ’ਤੇ ਅਮਰੀਕਾ ਦੀਆਂ ਨਵੀਆਂ ਪਾਬੰਦੀਆਂ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਊਰਜਾ ਬਾਜ਼ਾਰ ਨਾਲ ਜੁਡ਼ੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਰਤ ’ਚ ਰੂਸੀ ਤੇਲ ਦੀ ਦਰਾਮਦ ਨਜ਼ਦੀਕੀ ਭਵਿੱਖ ’ਚ ਤੇਜ਼ੀ ਨਾਲ ਘਟੇਗੀ, ਹਾਲਾਂਕਿ ਇਹ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਰਾਸਨੈਫਟ ਅਤੇ ਲੁਕੋਇਲ ਅਤੇ ਉਨ੍ਹਾਂ ਦੀ ਬਹੁਮਤ ਮਾਲਕੀ ਵਾਲੀਆਂ ਸਹਾਇਕ ਕੰਪਨੀਆਂ ’ਤੇ ਅਮਰੀਕੀ ਪਾਬੰਦੀ 21 ਨਵੰਬਰ ਤੋਂ ਲਾਗੂ ਹੋ ਗਈ। ਇਸ ਨਾਲ ਹੁਣ ਇਨ੍ਹਾਂ ਕੰਪਨੀਆਂ ਦਾ ਕੱਚਾ ਤੇਲ ਖਰੀਦਣਾ ਜਾਂ ਵੇਚਣਾ ਲੱਗਭਗ ਨਾ-ਮੁਮਕਿਨ ਹੋ ਗਿਆ ਹੈ। ਭਾਰਤ ਨੇ ਇਸ ਸਾਲ ਔਸਤਨ 17 ਲੱਖ ਬੈਰਲ ਰੋਜ਼ਾਨਾ ਰੂਸੀ ਤੇਲ ਦੀ ਦਰਾਮਦ ਕੀਤੀ ਅਤੇ ਪਾਬੰਦੀਆਂ ਤੋਂ ਪਹਿਲਾਂ ਇਹ ਮਜ਼ਬੂਤ ਬਣਿਆ ਰਿਹਾ। ਨਵੰਬਰ ’ਚ ਦਰਾਮਦ 18-19 ਲੱਖ ਬੈਰਲ ਰੋਜ਼ਾਨਾ ਰਹਿਣ ਦਾ ਅੰਦਾਜ਼ਾ ਹੈ ਕਿਉਂਕਿ ਰਿਫਾਇਨਰੀਆਂ ਸਸਤੇ ਤੇਲ ਦੀ ਆਪਣੀ ਖਰੀਦ ਨੂੰ ਵੱਧ ਤੋਂ ਵੱਧ ਕਰ ਰਹੀਆਂ ਹਨ। ਅੱਗੇ ਚਲ ਕੇ ਦਸੰਬਰ ਅਤੇ ਜਨਵਰੀ ’ਚ ਸਪਲਾਈ ’ਚ ਸਪੱਸ਼ਟ ਗਿਰਾਵਟ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ
ਵਿਸ਼ਲੇਸ਼ਕਾਂ ਅਨੁਸਾਰ ਇਹ ਘੱਟ ਕੇ ਲੱਗਭਗ 4 ਲੱਖ ਬੈਰਲ ਰੋਜ਼ਾਨਾ ਤੱਕ ਰਹਿ ਸਕਦੀ ਹੈ। ਰਵਾਇਤੀ ਤੌਰ ’ਤੇ ਪੱਛਮੀ ਏਸ਼ੀਆਈ ਤੇਲ ’ਤੇ ਨਿਰਭਰ ਭਾਰਤ ਨੇ ਫਰਵਰੀ 2022 ’ਚ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਰੂਸ ਤੋਂ ਆਪਣੀ ਤੇਲ ਦਰਾਮਦ ’ਚ ਕਾਫੀ ਵਾਧਾ ਕੀਤਾ। ਪੱਛਮੀ ਪਾਬੰਦੀ ਅਤੇ ਯੂਰਪੀ ਮੰਗ ’ਚ ਕਮੀ ਕਾਰਨ ਰੂਸ ਤੋਂ ਤੇਲ ਭਾਰੀ ਛੋਟ ’ਤੇ ਉਪਲੱਬਧ ਹੋਇਆ।
ਨਤੀਜੇ ਵਜੋਂ ਭਾਰਤ ਦੀ ਰੂਸੀ ਕੱਚੇ ਤੇਲ ਦੀ ਦਰਾਮਦ ਕੁਲ ਦਰਾਮਦ ਦਾ ਇਕ ਫੀਸਦੀ ਤੋਂ ਵਧ ਕੇ ਲੱਗਭਗ 40 ਫੀਸਦੀ ਤੱਕ ਪਹੁੰਚ ਗਿਆ। ਨਵੰਬਰ ’ਚ ਵੀ ਰੂਸ ਭਾਰਤ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਰਿਹਾ, ਜੋ ਕੁਲ ਦਰਾਮਦ ਦਾ ਲੱਗਭਗ ਇਕ ਤਿਹਾਈ ਹੈ।
ਇਹ ਵੀ ਪੜ੍ਹੋ : Gold ਦਾ U-Turn, ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ ਭਾਅ
ਕੈਪਲਰ ਦੇ ਰਿਫਾਈਨਿੰਗ ਅਤੇ ਮਾਡਲਿੰਗ ਦੇ ਮੁੱਖ ਖੋਜ ਵਿਸ਼ਲੇਸ਼ਕ ਸੁਮਿਤ ਰਿਤੋਲੀਆ ਨੇ ਕਿਹਾ,‘‘ਅਸੀਂ ਨਜ਼ਦੀਕ ਭਵਿੱਖ ’ਚ ਖਾਸ ਤੌਰ ’ਤੇ ਦਸੰਬਰ ਅਤੇ ਜਨਵਰੀ ’ਚ ਭਾਰਤ ਲਈ ਰੂਸੀ ਕੱਚੇ ਤੇਲ ਦੇ ਪ੍ਰਵਾਹ ’ਚ ਸਪੱਸ਼ਟ ਗਿਰਾਵਟ ਦੀ ਉਮੀਦ ਕਰਦੇ ਹਾਂ। ਅਕਤੂਬਰ 21 ਤੋਂ ਸਪਲਾਈ ਸੁਸਤ ਹੋ ਗਈ ਹੈ, ਹਾਲਾਂਕਿ ਰੂਸ ਦੀ ਵਿਚੋਲਿਆਂ ਅਤੇ ਬਦਲਵੇਂ ਵਿੱਤ ਪ੍ਰਬੰਧਨ ਦੀ ਸਮਰਥਾ ਨੂੰ ਦੇਖਦੇ ਹੋਏ ਅਜੇ ਆਖਰੀ ਸਿੱਟਾ ਕੱਢਣਾ ਜਲਦਬਾਜ਼ੀ ਹੋਵੇਗੀ।’’
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਸਤੇ ਰੂਸੀ ਤੇਲ ਨੇ ਪਿਛਲੇ 2 ਸਾਲਾਂ ’ਚ ਭਾਰਤੀ ਰਿਫਾਇਨਰਾਂ ਨੂੰ ਭਾਰੀ ਮੁਨਾਫਾ ਦਿੱਤਾ ਅਤੇ ਅੰਤਰਰਾਸ਼ਟਰੀ ਬਾਜ਼ਾਰ ’ਚ ਅਸਥਿਰਤਾ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਨੂੰ ਸਥਿਰ ਰੱਖਿਆ। ਭਾਰਤ ਆਪਣੀਆਂ ਤੇਲ ਜ਼ਰੂਰਤਾਂ ਦਾ 88 ਫੀਸਦੀ ਦਰਾਮਦ ਨਾਲ ਪੂਰਾ ਕਰਦਾ ਹੈ। ਨਵੀਆਂ ਅਮਰੀਕੀ ਪਾਬੰਦੀਆਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਭਾਰਤ ਦੀ ਰੂਸੀ ਤੇਲ ਦਰਾਮਦ ਅਸਥਿਰ ਅਤੇ ਬੇਯਕੀਨੀ ਦੌਰ ’ਚ ਪ੍ਰਵੇਸ਼ ਕਰ ਗਿਆ ਹੈ।
ਇਹ ਵੀ ਪੜ੍ਹੋ : 8th Pay Commission: ਰਿਟਾਇਰਡ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਸਰਕਾਰ ਨੇ ਦਿੱਤਾ ਸਪੱਸ਼ਟ ਜਵਾਬ
ਮਾਹਿਰਾਂ ਅਨੁਸਾਰ ਰੂਸ ਤੋਂ ਆਉਣ ਵਾਲਾ ਤੇਲ ਪੂਰੀ ਤਰ੍ਹਾਂ ਖਤਮ ਨਹੀਂ ਹੋਵੇਗਾ ਪਰ ਨਜ਼ਦੀਕੀ ਭਵਿੱਖ ’ਚ ਪ੍ਰਵਾਹ ’ਚ ਗਿਰਾਵਟ ਆਵੇਗੀ।
ਇਨ੍ਹਾਂ ਕੰਪਨੀਆਂ ਨੇ ਰੂਸੀ ਤੇਲ ਖਰੀਦਣਾ ਕੀਤਾ ਬੰਦ
ਅਮਰੀਕੀ ਪਾਬੰਦੀਆਂ ਦੇ ਲਾਗੂ ਹੋਣ ਕਾਰਨ ਰਿਲਾਇੰਸ ਇੰਡਸਟਰੀਜ਼, ਐੱਚ. ਪੀ. ਸੀ. ਐੱਲ.-ਮਿੱਤਲ ਐਨਰਜੀ ਅਤੇ ਮੈਂਗਲੋਰ ਰਿਫਾਇਨਰੀ ਵਰਗੀਆਂ ਕੰਪਨੀਆਂ ਨੇ ਫਿਲਹਾਲ ਰੂਸੀ ਤੇਲ ਦੀ ਦਰਾਮਦ ਰੋਕ ਦਿੱਤੀ ਹੈ।
ਇਸ ਮਾਮਲੇ ’ਚ ਇਕਮਾਤਰ ਵਿਰੋਧ ਨਾਇਰਾ ਐਨਰਜੀ ਹੈ, ਜੋ ਰਾਸਨੈਫਟ ਵੱਲੋਂ ਸਮਰਥਿਤ ਹੈ ਅਤੇ ਯੂਰਪੀਅਨ ਯੂਨੀਅਨ ਵੱਲੋਂ ਲਾਈਆਂ ਪਾਬੰਦੀਆਂ ਤੋਂ ਬਾਅਦ ਹੋਰ ਸਰੋਤਾਂ ਤੋਂ ਸਪਲਾਈ ਕੱਟਣ ਕਾਰਨ ਰੂਸੀ ਤੇਲ ’ਤੇ ਭਾਰੀ ਨਿਰਭਰ ਹੈ ।
ਰਿਤੋਲੀਆ ਨੇ ਕਿਹਾ,“ਨਇਰਾ ਦੇ ਵਾਦੀਨੇਰ ਪਲਾਂਟ ਨੂੰ ਛੱਡ ਕੇ ਕੋਈ ਵੀ ਭਾਰਤੀ ਰਿਫਾਇਨਰ ਓ. ਐੱਫ. ਏ. ਸੀ.-ਨਾਮੀ ਸੰਸਥਾਵਾਂ ਨਾਲ ਜੁਡ਼ੇ ਜੋਖਿਮ ਨਹੀਂ ਲੈਣਾ ਚਾਹੁੰਦਾ। ਖਰੀਦਦਾਰਾਂ ਨੂੰ ਆਪਣੇ ਸਮਝੌਤੇ, ਸਪਲਾਈ ਰੂਟ, ਮਾਲਕੀ ਅਤੇ ਭੁਗਤਾਨੇ ਚੈਨਲਾਂ ਨੂੰ ਦੁਬਾਰਾ ਯੋਜਨਾਬੱਧ ਕਰਨ ’ਚ ਸਮਾਂ ਲੱਗੇਗਾ।’’ ”
ਕੀ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋਣਗੇ?
ਜੇਕਰ ਰੂਸ ਤੋਂ ਸਪਲਾਈ ਤੇਜ਼ੀ ਨਾਲ ਘਟਦੀ ਹੈ ਤਾਂ ਭਾਰਤ ਨੂੰ ਮਿਡਲ ਈਸਟ, ਅਮਰੀਕਾ, ਲੈਟਿਨ ਅਮਰੀਕਾ ਅਤੇ ਅਫਰੀਕਾ ਤੋਂ ਮਹਿੰਗਾ ਤੇਲ ਖਰੀਦਣਾ ਪਵੇਗਾ। ਅਜਿਹੇ ’ਚ ਰਿਫਾਇਨਰੀਆਂ ਦੀ ਲਾਗਤ ਵਧੇਗੀ, ਜਿਸ ਨਾਲ ਸੰਭਾਵਨਾ ਹੈ ਕਿ ਈਂਧਨ ਦੀਆਂ ਕੀਮਤਾਂ ’ਤੇ ਦਬਾਅ ਵਧੇਗਾ, ਰਿਫਾਈਨਿੰਗ ਮਾਰਜਨ ਘਟਣਗੇ ਅਤੇ ਭਵਿੱਖ ’ਚ ਕੀਮਤਾਂ ਵੱਧ ਸਕਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
