ਸ਼ਤਾਬਦੀ ''ਚ ਦਿਸੇਗਾ ਘਰ ਵਰਗਾ ਨਜ਼ਾਰਾ, ਟਰੇਨ ਦੀ ਬਦਲੇਗੀ ਤਸਵੀਰ

11/18/2017 3:40:47 PM

ਚੰਡੀਗੜ੍ਹ— ਸ਼ਤਾਬਦੀ ਟਰੇਨ ਦਾ ਸਫਰ ਹੁਣ ਹੋਰ ਵੀ ਮਜ਼ੇਦਾਰ ਹੋਣ ਵਾਲਾ ਹੈ। ਅਗਲੇ ਮਹੀਨੇ ਤੋਂ ਇਸ ਦੀ ਪੂਰੀ ਤਸਵੀਰ ਬਦਲ ਜਾਵੇਗੀ। ਦਸੰਬਰ ਤੋਂ ਟਰੇਨ ਦੇ ਅੰਦਰ ਯਾਤਰੀਆਂ ਨੂੰ ਘਰ ਵਰਗਾ ਨਜ਼ਾਰਾ ਦੇਖਣ ਨੂੰ ਮਿਲੇਗਾ। ਟਰੇਨ ਦਾ ਅੰਦਰਲਾ ਨਜ਼ਾਰਾ ਇਸ ਦੀ ਸਜਾਵਟ ਨੂੰ ਚਾਰ ਚੰਨ੍ਹ ਲਾਵੇਗਾ। ਸਵਰਣ ਯੋਜਨਾ ਤਹਿਤ ਬਿਹਤਰ ਸੁਵਿਧਾਵਾਂ ਵਾਲੀ ਇਸ ਟਰੇਨ ਨੂੰ 'ਗੋਲਡ ਸਟੈਂਡਰਡ' (ਚੰਡੀਗੜ੍ਹ-ਨਵੀਂ ਦਿੱਲੀ ਸ਼ਤਾਬਦੀ) ਨਾਲ ਜਾਣਿਆ ਜਾਵੇਗਾ। ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਕੋਚ ਕੇਅਰ ਸੈਂਟਰ 'ਚ ਸ਼ਤਾਬਦੀ ਦੇ ਡੱਬਿਆਂ 'ਚ ਅੰਦਰੂਨੀ ਸਜਾਵਟ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਨਵੀਨੀਕਰਨ 'ਚ ਸੁੰਦਰਤਾ, ਸਵੱਛਤਾ ਅਤੇ ਮਨੋਰੰਜਨ ਤੇ ਸੁਰੱਖਿਆ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਯਾਤਰੀਆਂ ਨੂੰ ਟਰੇਨ 'ਚ ਫਿਲਮ, ਸੀਰੀਅਲ, ਗਾਣੇ ਅਤੇ ਮਨੋਰੰਜਨ ਸਮੇਤ ਹੋਰ ਸਾਧਨ ਵੀ ਉਪਲੱਬਧ ਕਰਾਏ ਜਾਣਗੇ। ਇਸ ਦੇ ਇਲਾਵਾ ਯਾਤਰੀ ਟਰੇਨ 'ਚ ਵਾਈ-ਫਾਈ ਹਾਟ ਸਪਾਟ ਦੁਆਰਾ ਐੱਚ. ਡੀ. ਵੀਡੀਓ ਦੇਖਣ ਦਾ ਵੀ ਆਨੰਦ ਲੈ ਸਕਣਗੇ।

ਰੇਲ ਮੰਤਰਾਲੇ ਨੇ ਹਾਲ ਹੀ 'ਚ ਦਿੱਲੀ ਖੇਤਰ ਦੀਆਂ ਪ੍ਰੀਮੀਅਮ ਟਰੇਨਾਂ ਨੂੰ ਨਵੀਨੀਕਰਨ ਕਰਨ ਲਈ ਸਵਰਣ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਹੀ ਕਾਲਕਾ-ਨਵੀਂ ਦਿੱਲੀ ਸ਼ਤਾਬਦੀ ਅਤੇ ਚੰਡੀਗੜ੍ਹ-ਨਵੀਂ ਦਿੱਲੀ ਸ਼ਤਾਬਦੀ ਟਰੇਨ ਦੇ ਡੱਬਿਆਂ ਦਾ ਕੰਮ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਰੇਲ ਯਾਤਰਾ ਨੂੰ ਮਨੋਰੰਜਕ ਅਤੇ ਅਰਾਮਦਾਇਕ ਬਣਾਉਣ ਲਈ ਸਾਬਕਾ ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਕਾਰਜਕਾਲ ਦੌਰਾਨ ਹੀ ਰੇਲਵੇ ਨੇ 30 ਪ੍ਰੀਮੀਅਮ ਟਰੇਨਾਂ ਦੀ ਤਸਵੀਰ ਬਦਲਣ ਲਈ 25 ਕਰੋੜ ਦਾ ਇਹ ਪ੍ਰਾਜੈਕਟ ਸ਼ੁਰੂ ਕੀਤਾ ਸੀ। ਇਸ ਪ੍ਰਾਜੈਕਟ 'ਚ 15 ਰਾਜਧਾਨੀ ਅਤੇ 15 ਸ਼ਤਾਬਦੀ ਟਰੇਨਾਂ ਸ਼ਾਮਲ ਹਨ। ਇਸ ਪ੍ਰਾਜੈਕਟ ਤਹਿਤ ਟਰੇਨਾਂ 'ਚ ਰੇਲਵੇ ਪੁਲਸ ਦੇ ਜਵਾਨਾਂ ਦੀ ਲੋੜੀਂਦੀ ਤਾਇਨਾਤੀ ਦੇ ਨਾਲ-ਨਾਲ ਸੁਰੱਖਿਆ ਵਿਵਸਥਾ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਸ਼ਤਾਬਦੀ ਟਰੇਨਾਂ ਦੇ ਹਰ ਡੱਬੇ 'ਚ ਦੋ ਸੀ. ਸੀ. ਟੀਵੀ ਕੈਮਰੇ ਲਗਾਏ ਜਾਣਗੇ। ਇਨ੍ਹਾਂ ਟਰੇਨਾਂ ਦੇ ਸਟਾਫ ਲਈ ਨਵੀਂ ਵਰਦੀ ਵੀ ਤਿਆਰ ਕੀਤੀ ਗਈ ਹੈ, ਯਾਨੀ ਹੁਣ ਪ੍ਰੀਮੀਅਮ ਟਰੇਨਾਂ ਦਾ ਸਫਰ ਕਾਫੀ ਵਧੀਆ ਹੋਵੇਗਾ।


Related News