ਨੈਸਲੇ ਨੇ ਕੀਤੀ 100 ਕਰੋਡ਼ ਰੁਪਏ ਦੀ ਮੁਨਾਫਾਖੋਰੀ, ਜਮ੍ਹਾ ਕਰਵਾਏ 16.58 ਕਰੋਡ਼ ਰੁਪਏ

Tuesday, Oct 23, 2018 - 08:42 AM (IST)

ਨੈਸਲੇ ਨੇ ਕੀਤੀ 100 ਕਰੋਡ਼ ਰੁਪਏ ਦੀ ਮੁਨਾਫਾਖੋਰੀ, ਜਮ੍ਹਾ ਕਰਵਾਏ 16.58 ਕਰੋਡ਼ ਰੁਪਏ

ਨਵੀਂ ਦਿੱਲੀ - ਵਸਤੂ ਤੇ ਸੇਵਾ ਕਰ  (ਜੀ. ਐੱਸ. ਟੀ.)   ਤਹਿਤ  ਗੈਰ-ਮੁਨਾਫਾ ਡਾਇਰੈਕਟੋਰੇਟ ਜਨਰਲ (ਡੀ. ਜੀ. ਏ. ਪੀ.)  ਨੇ ਚਾਕਲੇਟ ਅਤੇ ਨੂਡਲਸ ਵਰਗੇ ਉਤਪਾਦ ਬਣਾਉਣ ਵਾਲੀ ਕੰਪਨੀ ਨੈਸਲੇ ਇੰਡੀਆ ਦੀ 100 ਕਰੋਡ਼ ਰੁਪਏ ਦੀ ਮੁਨਾਫਾਖੋਰੀ ਫੜੀ ਹੈ।  ਕੰਪਨੀ ਨੂੰ ਜੀ. ਐੱਸ. ਟੀ.  ਦਰ ’ਚ ਕਮੀ ਦਾ ਮੁਨਾਫ਼ਾ ਗਾਹਕਾਂ ਨੂੰ ਨਾ ਦੇਣ ਦਾ ਦੋਸ਼ੀ ਪਾਇਆ ਗਿਆ।  ਹਾਲਾਂਕਿ ਕੰਪਨੀ ਨੇ ਫੜੇ ਜਾਣ  ਤੋਂ ਬਾਅਦ ਕੰਜ਼ਿਊਮਰ ਵੈੱਲਫੇਅਰ ਫੰਡ ’ਚ ਆਪਣੀ ਇੱਛਾ ਨਾਲ 16.58 ਕਰੋਡ਼ ਰੁਪਏ ਜਮ੍ਹਾ ਕਰਵਾ ਦਿੱਤੇ।  

ਡੀ. ਜੀ. ਏ. ਪੀ.  ਨੇ ਰਾਸ਼ਟਰੀ ਗੈਰ-ਮੁਨਾਫਾ ਅਥਾਰਟੀ  (ਐੱਨ. ਏ. ਏ.)   ਕੋਲ ਜਮ੍ਹਾ ਕੀਤੀ ਗਈ ਜਾਂਚ ਰਿਪੋਰਟ ’ਚ ਕਿਹਾ ਹੈ ਕਿ ਨੈਸਲੇ ਇੰਡੀਆ ਨੇ ਜੀ. ਐੱਸ. ਟੀ.  ਦਰ ’ਚ ਕਮੀ ਦਾ ਫਾਇਦਾ ਗਾਹਕਾਂ ਤੱਕ ਨਹੀਂ ਪਹੁੰਚਾਇਆ ਹੈ ਅਤੇ ਮੁਨਾਫਾਖੋਰੀ ਕੀਤੀ ਹੈ।  ਉਸ ਨੇ ਕਰ ਦਰ ਘੱਟ ਹੋਣ  ਦੇ ਬਾਵਜੂਦ ਉਤਪਾਦਾਂ ਦੀ ਕੀਮਤ ਨਹੀਂ ਘਟਾਈ।

ਨੈਸਲੇ ਇੰਡੀਆ  ਦੇ ਇਕ ਬੁਲਾਰੇ ਨੇ ਇਸ ਬਾਰੇ ਸੰਪਰਕ  ਕੀਤੇ ਜਾਣ ’ਤੇ ਕਿਹਾ ਕਿ ਕੰਪਨੀ ਨੇ ਖਪਤਕਾਰਾਂ ਨੂੰ ਕਰ ਦਰ ’ਚ ਛੋਟ ਦਾ ਫਾਇਦਾ ਨਾ ਦੇਣ ਸਬੰਧੀ ਆਪਣੀ ਇੱਛਾ ਨਾਲ ਕੰਜ਼ਿਊਮਰ ਵੈੱਲਫੇਅਰ ਫੰਡ ’ਚ 16.58 ਕਰੋਡ਼ ਰੁਪਏ ਜਮ੍ਹਾ ਕਰਵਾਏ ਹਨ।  ਉਸ ਨੇ ਕਿਹਾ, ‘‘ਅਸੀਂ ਇਹ ਦੁਹਰਾਉਣਾ ਚਾਹੁੰਦੇ ਹਾਂ ਕਿ ਜ਼ਿਅਾਦਾਤਰ ਪ੍ਰਚੂਨ ਮੁੱਲ ’ਚ ਅਚਾਨਕ ਕਮੀ ਦੀ ਹਾਲਤ ’ਚ ਗਾਹਕਾਂ ਨੂੰ ਕੀਮਤ ਕਟੌਤੀ ਦਾ ਫਾਇਦਾ ਨਾ ਪੁੱਜਣ  ’ਤੇ ਕੰਪਨੀ ਨੇ 16.58 ਕਰੋਡ਼ ਰੁਪਏ ਵੱਖ ਰੱਖੇ ਸਨ ਅਤੇ ਉਸ ਨੂੰ ਆਪਣੇ ਮੁਨਾਫੇ ਜਾਂ ਵਿੱਕਰੀ ’ਚ ਨਹੀਂ ਵਿਖਾਇਆ ਹੈ।’’ ਨੈਸਲੇ ਇੰਡੀਆ  ਚਾਕਲੇਟ,  ਨੂਡਲਸ ਤੇ ਕਾਫੀ ਅਜਿਹੇ ਉਤਪਾਦ ਵੇਚਦੀ ਹੈ।  ਜੀ. ਐੱਸ. ਟੀ.  ਪ੍ਰੀਸ਼ਦ ਨੇ 178 ਉਤਪਾਦਾਂ ’ਤੇ ਜੀ. ਐੱਸ. ਟੀ.  ਦੀ ਦਰ ਘੱਟ ਕੀਤੀ ਹੈ, ਜਿਸ ’ਚ ਚਾਕਲੇਟ,  ਮਾਲਟ,  ਖਾਣਾ ਬਣਾਉਣ ’ਚ ਇਸਤੇਮਾਲ ਹੋਣ ਵਾਲਾ ਆਟਾ,  ਵੇਫਲ ਅਤੇ ਵੇਫਰਸ ਵਾਲੇ ਚਾਕਲੇਟ ਸ਼ਾਮਲ ਹਨ।  ਜੀ. ਐੱਸ. ਟੀ.  ਤਹਿਤ ਹੀ ਵਿਵਸਥਾ ਕੀਤੀ ਗਈ ਹੈ ਕਿ ਜਦੋਂ ਮੁੱਲ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਨਾ ਪਹੁੰਚਾਇਆ ਜਾ ਸਕੇ ਤਾਂ ਉਸ ਰਾਸ਼ੀ ਨੂੰ ਇਕ ਕੰਜ਼ਿਊਮਰ ਵੈੱਲਫੇਅਰ ਫੰਡ  ’ਚ ਜਮ੍ਹਾ ਕਰਵਾਉਣਾ ਹੁੰਦਾ ਹੈ।


Related News