ਨੇਪਾਲ ਨੇ ਡਿਜੀਟਲ ਲੈਣ-ਦੇਣ ਲਈ ਭਾਰਤ ਦੇ UPI ਦਾ ਇਸਤੇਮਾਲ ਕੀਤਾ ਸ਼ੁਰੂ
Friday, Mar 25, 2022 - 04:02 PM (IST)

ਨਵੀਂ ਦਿੱਲੀ (ਭਾਸ਼ਾ) – ਨੇਪਾਲ ਨੇ ਡਿਜੀਟਲ ਲੈਣ-ਦੇਣ ਲਈ ਭਾਰਤ ਵਲੋਂ ਵਿਕਸਿਤ ਏਕੀਕ੍ਰਿਤ ਭੁਗਤਾਨ ਇੰਟਰਫੇਸ ਦਾ ਇਸਤੇਮਾਲ ਸ਼ੁਰੂ ਕੀਤਾ ਹੈ। ਇਕ ਸਰਕਾਰੀ ਰਸਾਲੇ ਦੇ ਲੇਖ ਰਾਹੀਂ ਇਹ ਜਾਣਕਾਰੀ ਮਿਲੀ ਹੈ। ਪੱਤਰ ਸੂਚਨਾ ਦਫਤਰ (ਪੀ. ਆਈ. ਬੀ.) ਵਲੋਂ ਅੱਜ ਟਵੀਟ ਕੀਤੇ ਗਏ ਲੇਖ ਮੁਤਾਬਕ ਇਸ ਸਾਲ ਦੀ ਸ਼ੁਰੂਆਤ ’ਚ ਭੂਟਾਨ ਨੇ ਡਿਜੀਟਲ ਲੈਣ-ਦੇਣ ਲਈ ਭੀਮ-ਯੂ. ਪੀ. ਆਈ. ਆਧਾਰਿਤ ਡਿਜੀਟਲ ਲੈਣ-ਦੇਣ ਨੂੰ ਅਪਣਾਇਆ ਸੀ। ਲੇਖ ’ਚ ਕਿਹਾ ਗਿਆ ਹੈ ਕਿ ਕਈ ਦੇਸ਼ਾਂ ’ਤੇ ਕੋਵਿਨ ਐਪ ਦੀ ਵੀ ਪ੍ਰਸ਼ੰਸਾ ਕੀਤੀ ਹੈ।
ਇਸ ਐਪ ਨੂੰ ਕੋਵਿਡ ਦੀ ਸ਼ੁਰੂਆਤੀ ਮਿਆਦ ਦੌਰਾਨ ਟੀਕਾਕਰਨ ਲਈ ਵਿਕਸਿਤ ਕੀਤਾ ਗਿਆ ਸੀ। ਹੁਣ ਨੇਪਾਲ ਨੇ ਵੀ ਭਾਰਤ ਦੀ ਯੂ. ਪੀ. ਆਈ. ਪ੍ਰਣਾਲੀ ਨੂੰ ਅਪਣਾਇਆ ਹੈ। ਭਾਰਤ ’ਚ ਯੂ. ਪੀ. ਆਈ. ਦੀ ਸ਼ੁਰੂਆਤ 2016 ’ਚ ਹੋਈ ਸੀ। ਅਧਿਕਾਰਕ ਅੰਕੜਿਆਂ ਮੁਤਾਬਕ ਭੀਮ-ਯੂ. ਪੀ. ਆਈ. ਲੋਕਾਂ ਦੇ ਪਸੰਦੀਦਾ ਭੁਗਤਾਨ ਬਦਲ ਵਜੋਂ ਉਭਰਿਆ ਹੈ। 28 ਫਰਵਰੀ ਤੱਕ ਇਸ ਦੇ ਰਾਹੀਂ 8.27 ਲੱਖ ਕਰੋੜ ਰੁਪਏ ਦੇ ਮੁੱਲ ਦੇ ਰਿਕਾਰਡ 452.75 ਕਰੋੜ ਡਿਜੀਟਲ ਭੁਗਤਾਨ ਕੀਤੇ ਗਏ ਹਨ।