ਭਾਰਤੀ ਦੀ ਰਾਸ਼ਟਰੀ ਖੇਤੀਬਾੜੀ ਫੈਡਰੇਸ਼ਨ ਨੇ 95,000 ਟਨ ਗੰਢਿਆਂ ਦੀ ਖਰੀਦ ਕੀਤੀ
Sunday, Aug 02, 2020 - 05:57 PM (IST)
ਨਵੀਂ ਦਿੱਲੀ— ਭਾਰਤੀ ਦੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (ਨਾਫੇਡ) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਸਰਕਾਰ ਵੱਲੋਂ ਬਫਰ ਸਟਾਕ ਬਣਾਉਣ ਲਈ ਹੁਣ ਤੱਕ ਮੌਜੂਦਾ ਕੀਮਤਾਂ 'ਤੇ 95,000 ਟਨ ਪਿਆਜ਼ ਦੀ ਸਿੱਧੇ ਤੌਰ 'ਤੇ ਕਿਸਾਨਾਂ ਤੋਂ ਖਰੀਦ ਕਰ ਲਈ ਹੈ।
ਪਿਛਲੇ ਸਾਲ ਨਾਫੇਡ ਨੇ ਕੀਮਤ ਸਥਿਰਤਾ ਫੰਡ (ਪੀ. ਐੱਸ. ਐੱਫ.) ਤਹਿਤ 2018-19 ਦੀ ਹਾੜ੍ਹੀ (ਸਰਦ ਰੁੱਤ) ਫਸਲ 'ਚੋਂ ਕੁੱਲ 57,000 ਟਨ ਪਿਆਜ਼ ਖਰੀਦਿਆ ਸੀ। ਇਸ ਵਾਰ ਉਸ ਦਾ ਟੀਚਾ ਪ੍ਰਮੁੱਖ ਉਤਪਾਦਕ ਸੂਬਿਆਂ ਤੋਂ 1 ਲੱਖ ਟਨ ਪਿਆਜ਼ ਖਰੀਦਣ ਦਾ ਹੈ।
ਨਾਫੇਡ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਐੱਸ. ਕੇ. ਸਿੰਘ ਨੇ ਕਿਹਾ, “ਅਸੀਂ ਬਫਰ ਸਟਾਕ ਲਈ ਹੁਣ ਤੱਕ 95,000 ਟਨ ਪਿਆਜ਼ ਦੀ ਖਰੀਦ ਕੀਤੀ ਹੈ। ਅਗਲੇ 2-3 ਦਿਨਾਂ 'ਚ 1 ਲੱਖ ਟਨ ਦਾ ਟੀਚਾ ਪੂਰਾ ਕਰ ਲਵਾਂਗੇ।'' ਹਾੜ੍ਹੀ (ਸਰਦੀ) 'ਚ ਉਗਾਏ ਜਾਣ ਵਾਲੇ ਪਿਆਜ਼ ਨੂੰ ਸਟੋਰ ਕੀਤਾ ਜਾ ਸਕਦਾ ਹੈ ਅਤੇ ਸਾਉਣੀ ਦੇ ਮੌਸਮ 'ਚ ਉਗਾਈ ਜਾਣ ਵਾਲੀ ਫ਼ਸਲ ਦੀ ਤੁਲਨਾ 'ਚ ਇਹ ਲੰਮਾ ਸਮਾਂ ਕੱਢਦੀ ਹੈ। ਉਨ੍ਹਾਂ ਕਿਹਾ ਕਿ ਹਾੜ੍ਹੀ ਪਿਆਜ਼ ਦੀ ਖਰੀਦ ਵੱਡੇ ਪੱਧਰ 'ਤੇ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਤੋਂ ਕਿਸਾਨ ਉਤਪਾਦਕ ਸੰਗਠਨ (ਐੱਫ. ਪੀ. ਓ.) ਅਤੇ ਸਹਿਕਾਰੀ ਕਮੇਟੀਆਂ ਦੇ ਮਾਧਿਅਮ ਰਾਹੀਂ ਕੀਤੀ ਗਈ ਹੈ। ਸਿੰਘ ਨੇ ਇਹ ਵੀ ਕਿਹਾ ਕਿ ਪਿਆਜ਼ ਦੀ ਖਰੀਦ ਔਸਤ 10-11 ਰੁਪਏ ਪ੍ਰਤੀ ਕਿਲੋ ਦੀ ਨਰਮ ਕੀਮਤ 'ਤੇ ਕੀਤੀ ਗਈ ਹੈ। ਪਿਆਜ਼ ਤੋਂ ਇਲਾਵਾ ਨਾਫੇਡ ਬਫਰ ਸਟਾਕ ਲਈ ਦਾਲਾਂ ਦੀ ਖਰੀਦ ਵੀ ਕਰ ਰਹੀ ਹੈ।