ਮਸਕ ਦੀ ਲੀਡਰਸ਼ਿਪ ’ਚ ਟਵਿੱਟਰ ’ਚੋਂ ਨਿਕਲਿਆ ਦਮ, ਰੈਵੇਨਿਊ ਅੱਧਾ ਹੋਣ ਨਾਲ ਚੜ੍ਹਿਆ ਭਾਰੀ ਕਰਜ਼ਾ
Monday, Jul 17, 2023 - 10:34 AM (IST)

ਨਵੀਂ ਦਿੱਲੀ (ਭਾਸ਼ਾ)- ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੀ ਹਾਲਤ ਖਸਤਾ ਹੋ ਗਈ ਹੈ। ਕੰਪਨੀ ਦਾ ਐਡ ਰੇਵੇਨਿਊ ਅੱਧਾ ਰਹਿ ਗਿਆ ਹੈ, ਕੈਸ਼ ਫਲੋ ਨੈਗੇਟਿਵ ’ਚ ਹੈ ਅਤੇ ਉਸ ’ਤੇ ਭਾਰੀ ਕਰਜ਼ਾ ਚੜ੍ਹ ਗਿਆ ਹੈ। ਕੰਪਨੀ ਦੇ ਮਾਲਿਕ ਐਲਨ ਮਸਕ ਨੇ ਆਪਣੇ ਆਪ ਟਵੀਟ ਕਰ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੂਜਾ ਕਦਮ ਚੁੱਕਣ ਤੋਂ ਪਹਿਲਾਂ ਕੰਪਨੀ ਨੂੰ ਪਾਜ਼ੇਟਿਵ ਕੈਸ਼ ਫਲੋ ’ਚ ਆਉਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ
ਹਾਲਾਂਕਿ ਮਸਕ ਨੇ ਅਪ੍ਰੈਲ ’ਚ ਇਕ ਇੰਟਰਵਿਊ ’ਚ ਕਿਹਾ ਸੀ ਕਿ ਟਵਿੱਟਰ ਬ੍ਰੇਕਿੰਗ ਈਵਨ ਦੀ ਸਥਿਤੀ ’ਚ ਹੈ ਅਤੇ ਜ਼ਿਆਦਾਤਰ ਐਡਵਰਟਾਈਜ਼ਰਸ ਪਰਤ ਆਏ ਹਨ। ਦੁਨੀਆ ਦੇ ਸਭ ਤੋਂ ਵੱਡੇ ਰਹੀਸ ਮਸਕ ਨੇ ਪਿਛਲੇ ਸਾਲ ਟਵਿੱਟਰ ਨੂੰ ਖਰੀਦਿਆ ਸੀ ਪਰ ਇਸ ਦੀ ਵਜ੍ਹਾ ਨਾਲ ਜ਼ਿਆਦਾਤਰ ਐਡਵਰਟਾਈਜ਼ਰਸ ਨੇ ਇਸ ਪਲੇਟਫਾਰਮ ਤੋਂ ਕਿਨਾਰਾ ਕਰ ਲਿਆ ਸੀ। ਕੰਟੈਂਟ ਪਾਲਿਸੀ ’ਚ ਬਦਲਾਅ ਦਾ ਖਦਸ਼ਾ, ਵੱਡੀ ਗਿਣਤੀ ’ਚ ਛਾਂਟੀ ਅਤੇ ਟਵਿੱਟਰ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਅਜਿਹਾ ਹੋਇਆ।
ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼
ਮਸਕ ਦੇ ਟਵਿੱਟਰ ਦਾ ਮਾਲਿਕ ਬਣਨ ਤੋਂ ਬਾਅਦ ਤੋਂ ਹੀ ਇਸ ਕੰਪਨੀ ’ਚ ਉਥਲ-ਪੁਥਲ ਮਚੀ ਹੋਈ ਹੈ। ਮਸਕ ਨੇ ਸਭ ਤੋਂ ਪਹਿਲਾਂ ਕੰਪਨੀ ਦੇ ਭਾਰਤੀ ਮੂਲ ਦੇ ਸੀ. ਈ. ਓ. ਪਰਾਗ ਅੱਗਰਵਾਲ ਸਮੇਤ 4 ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਪੂਰੀ ਦੁਨੀਆ ’ਚ ਵੱਡੇ ਪੈਮਾਨੇ ’ਤੇ ਛਾਂਟੀ ਕੀਤੀ ਗਈ। ਇਸ ਤੋਂ ਬਾਅਦ ਉਹ ਕਈ ਵਾਰ ਟਵਿੱਟਰ ਦੀ ਪਾਲਿਸੀਜ਼ ’ਚ ਬਦਲਾਅ ਕਰ ਚੁੱਕੇ ਹਨ। ਐਡਵਰਟਾਈਜ਼ਰਸ ਨੂੰ ਵਾਪਸ ਲਿਆਉਣ ਲਈ ਮਸਕ ਨੇ ਲਿੰਡਾ ਯਾਕਾਰਿਨੋ ਨੂੰ ਟਵਿੱਟਰ ਦਾ ਸੀ. ਈ. ਓ. ਬਣਾਇਆ ਹੈ। ਉਹ ਇਸ ਤੋਂ ਪਹਿਲਾਂ ਐੱਨ. ਬੀ. ਸੀ. ਯੂਨੀਵਰਸਲ ਦੀ ਮਾਰਕੀਟਿੰਗ ਐਗਜ਼ੀਕਿਊਟਿਵ ਰਹਿ ਚੁੱਕੀ ਹੈ।
ਇਹ ਵੀ ਪੜ੍ਹੋ : 500 ਰੁਪਏ ਪ੍ਰਤੀ ਕਰੇਟ ਪੁੱਜਾ ਟਮਾਟਰ ਦਾ ਭਾਅ, ਹਿਮਾਚਲ ਪ੍ਰਦੇਸ਼ ਦੇ ਕਿਸਾਨ ਹੋਏ ਖ਼ੁਸ਼
ਥ੍ਰੈਡਸ ਨੇ ਵਧਾਈ ਮੁਸ਼ਕਲ
ਇਸ ’ਚ ਮਾਰਕ ਜ਼ੋਕਰਬਰਗ ਦੀ ਕੰਪਨੀ ਮੇਟਾ ਪਲੇਟਫਾਰਮ ਨੇ ਹਾਲ ਹੀ ’ਚ ਥ੍ਰੈਡਸ ਲਾਂਚ ਕਰ ਕੇ ਟਵਿੱਟਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੀਡੀਆ ਰਿਪੋਰਟਸ ਮੁਤਾਬਕ ਇਕ ਅਪ੍ਰੈਲ ਤੋਂ ਮਈ ਦੇ ਪਹਿਲੇ ਹਫ਼ਤੇ ਤੱਕ ਦੇ 5 ਹਫ਼ਤਿਆਂ ’ਚ ਟਵਿੱਟਰ ਦਾ ਐਡ ਰੇਵੈਨਿਊ ਪਿਛਲੇ ਸਾਲ ਦੇ ਮੁਕਾਬਲੇ 59 ਫ਼ੀਸਦੀ ਡਿੱਗਿਆ ਹੈ। ਮਸਕ ਨੇ ਪਿਛਲੇ ਸਾਲ ਸਤੰਬਰ ’ਚ ਟਵਿੱਟਰ ਨੂੰ ਖਰੀਦਿਆ ਸੀ ਅਤੇ ਉਸ ਤੋਂ ਬਾਅਦ ਤੋਂ ਇਸ ਦੇ ਟਾਪ 1000 ਐਡਵਰਟਾਈਜ਼ਰਸ ’ਚੋਂ ਸਿਰਫ 43 ਫ਼ੀਸਦੀ ਹੀ ਰਹਿ ਗਏ ਹਨ। ਮਸਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਟਵਿੱਟਰ ਲਈ ਇਹ ਬੇਹੱਦ ਮੁਸ਼ਕਲ ਸਮਾਂ ਹੈ। ਸਾਡਾ ਰੈਵੇਨਿਊ ਅੱਧਾ ਰਹਿ ਗਿਆ ਹੈ, ਕਿਉਂਕਿ ਅਸੀਂ ਉਨ੍ਹਾਂ ਦੇ ਇਸ਼ਾਰਿਆਂ ’ਤੇ ਚਲਣ ਤੋਂ ਮਨ੍ਹਾ ਕਰ ਦਿੱਤਾ। ਸਾਨੂੰ ਬ੍ਰੇਕ ਈਵਨ ਤੱਕ ਪੁੱਜਣ ਲਈ ਖਾਸਾ ਸੰਘਰਸ਼ ਕਰਨਾ ਪੈ ਰਿਹਾ ਹੈ। ਟਵਿੱਟਰ ’ਤੇ ਵੱਧਦੇ ਦਬਾਅ ਦੌਰਾਨ ਮੇਟਾ ਦੇ ਥ੍ਰੈਡਸ ਨੂੰ ਲਾਂਚ ਦੇ ਇਕ ਹਫ਼ਤੇ ’ਚ ਹੀ 10 ਕਰੋੜ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਯਾਨੀ ਆਉਣ ਵਾਲੇ ਦਿਨਾਂ ’ਚ ਟਵਿੱਟਰ ਦੀਆਂ ਮੁਸ਼ਕਲਾਂ ਘੱਟ ਹੋਣ ਦੀ ਬਜਾਏ ਵਧਣ ਦਾ ਪੂਰਾ ਖਦਸ਼ਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8