ਮੁੰਬਈ-ਦਿੱਲੀ ਰਾਜਧਾਨੀ ਵਿਸ਼ੇਸ਼ ਰੇਲਗੱਡੀ 30 ਦਸੰਬਰ ਤੋਂ ਮੁੜ ਹੋਵੇਗੀ ਸ਼ੁਰੂ

Wednesday, Dec 23, 2020 - 08:25 PM (IST)

ਮੁੰਬਈ : ਮੁੰਬਈ-ਦਿੱਲੀ ਰਾਜਧਾਨੀ ਵਿਸ਼ੇਸ਼ ਰੇਲਗੱਡੀ 30 ਦਸੰਬਰ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ। ਇਹ ਵਿਸ਼ੇਸ਼ ਰੇਲਗੱਡੀ ਮੁੰਬਈ ਅਤੇ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਵਿਚਕਾਰ ਹਫ਼ਤੇ ਦੇ 4 ਦਿਨ ਚੱਲੇਗੀ। ਸੈਂਟਰਲ ਰੇਲਵੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਮਾਰਚ ਵਿਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਸੈਂਟਰਲ ਰੇਲਵੇ ਨੇ ਮੁੰਬਈ-ਦਿੱਲੀ ਰਾਜਧਾਨੀ ਰੇਲਗੱਡੀ ਨੂੰ ਮੁਅੱਤਲ ਕਰ ਦਿੱਤਾ ਸੀ।

ਗੱਡੀ ਨੰਬਰ 01221 ਰਾਜਧਾਨੀ ਸਪੈਸ਼ਲ 30 ਦਸੰਬਰ ਤੋਂ ਹਰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸ਼ਾਮ 4.10 ਵਜੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ. ਐਸ. ਐੱਮ. ਟੀ.) ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11 ਵਜੇ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ। ਇਸੇ ਤਰ੍ਹਾਂ, ਗੱਡੀ ਨੰਬਰ 01222 ਰਾਜਧਾਨੀ ਸਪੈਸ਼ਲ ਹਜ਼ਰਤ ਨਿਜ਼ਾਮੂਦੀਨ ਤੋਂ 31 ਦਸੰਬਰ ਤੋਂ ਹਰ ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਸ਼ਾਮ 4.45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.50 ਵਜੇ ਸੀ. ਐਸ. ਐੱਮ. ਟੀ. ਪਹੁੰਚੇਗੀ।

19 ਡੱਬਿਆਂ ਵਾਲੀ ਇਸ ਰੇਲਗੱਡੀ ਵਿਚ ਇਕ ਏ. ਸੀ. ਫਸਟ ਕਲਾਸ, ਪੰਜ ਏ. ਸੀ.-2 ਟਾਇਰ, 11 ਏ.ਸੀ.-3 ਟਾਇਰ ਅਤੇ ਇਕ ਪੈਂਟਰੀ ਕਾਰ ਹੋਵੇਗੀ। ਇਹ ਗੱਡੀ ਦੋਵਾਂ ਦਿਸ਼ਾਵਾਂ ਵਿਚ ਕਲਿਆਣ, ਨਾਸਿਕ ਰੋਡ, ਜਲਗਾਓਂ, ਭੋਪਾਲ, ਝਾਂਸੀ ਅਤੇ ਆਗਰਾ ਛਾਉਣੀ ਸਟੇਸ਼ਨਾਂ 'ਤੇ ਰੁਕੇਗੀ। ਸੈਂਟਰਲ ਰੇਲਵੇ ਨੇ ਕਿਹਾ ਕਿ 01221-ਰਾਜਧਾਨੀ ਸਪੈਸ਼ਲ ਰੇਲਗੱਡੀ ਲਈ ਬੁਕਿੰਗ 25 ਦਸੰਬਰ ਨੂੰ ਖੁੱਲ੍ਹੇਗੀ। ਪੱਕੀ (ਕਨਫਰਮ) ਟਿਕਟ ਵਾਲੇ ਯਾਤਰੀਆਂ ਨੂੰ ਹੀ ਇਨ੍ਹਾਂ ਵਿਸ਼ੇਸ਼ ਰੇਲਗੱਡੀਆਂ ਵਿਚ ਸਵਾਰ ਹੋਣ ਦੀ ਆਗਿਆ ਹੋਵੇਗੀ।


Sanjeev

Content Editor

Related News