ਮੁੰਬਈ, ਕੋਟਾ ਦੁਨੀਆ ਦੇ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲੇ ਸ਼ਹਿਰਾਂ ''ਚ

05/26/2017 6:01:13 AM

ਨਵੀਂ ਦਿੱਲੀ — ਭਾਰਤ ਦੇ 2 ਸ਼ਹਿਰ ਮੁੰਬਈ ਤੇ ਕੋਟਾ ਦੁਨੀਆ ਦੇ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲੇ ਸ਼ਹਿਰਾਂ 'ਚ ਸ਼ਾਮਲ ਹਨ। ਇਸ ਸੂਚੀ 'ਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਸਭ ਤੋਂ ਚੋਟੀ 'ਤੇ ਹੈ। ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਨੇ ਸੰਯੁਕਤ ਰਾਸ਼ਟਰ ਦੇ ਰਿਹਾਇਸ਼ੀ ਅੰਕੜਿਆਂ ਦੇ ਆਧਾਰ 'ਤੇ ਇਹ ਗੱਲ ਕਹੀ ਹੈ।  
ਇਨ੍ਹਾਂ ਅੰਕੜਿਆਂ ਮੁਤਾਬਕ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲਾ ਸ਼ਹਿਰ ਹੈ। ਇੱਥੇ ਪ੍ਰਤੀ ਵਰਗ ਕਿਲੋਮੀਟਰ 'ਚ 44,500 ਲੋਕ ਰਹਿੰਦੇ ਹਨ। ਇਸ ਤੋਂ ਬਾਅਦ ਭਾਰਤ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਮੁੰਬਈ ਸ਼ਹਿਰ ਦਾ ਸਥਾਨ ਹੈ, ਜਿੱਥੇ ਪ੍ਰਤੀ ਹੈਕਟੇਅਰ 31,700 ਲੋਕਾਂ ਦੀ ਰਿਹਾਇਸ਼ ਹੈ। ਮੁੰਬਈ ਦਾ ਇਸ ਮਾਮਲੇ 'ਚ ਦੂਜੇ ਸਥਾਨ ਹੈ। ਇਸ ਸੂਚੀ 'ਚ ਰਾਜਸਥਾਨ ਦਾ ਕੋਟਾ ਸ਼ਹਿਰ ਵੀ ਸ਼ਾਮਲ ਹੈ, ਜਿੱਥੇ ਪ੍ਰਤੀ ਵਰਗ ਕਿਲੋਮੀਟਰ 'ਚ 12,100 ਲੋਕ ਰਹਿੰਦੇ ਹਨ। ਸਭ ਤੋਂ ਜ਼ਿਆਦਾ ਭੀੜ-ਭਾੜ ਵਾਲੇ ਸ਼ਹਿਰਾਂ ਦੀ ਸੂਚੀ 'ਚ ਕੋਟਾ 7ਵੇਂ ਨੰਬਰ 'ਤੇ ਹੈ।  
ਇਸ ਸੂਚੀ 'ਚ ਕੋਲੰਬੀਆ ਦਾ ਮੈਡੇਲਿਨ ਸ਼ਹਿਰ ਪ੍ਰਤੀ ਵਰਗ ਕਿਲੋਮੀਟਰ 19,700 ਲੋਕਾਂ ਦੇ ਨਾਲ ਤੀਸਰੇ ਤੇ ਮਨੀਲਾ (ਫਿਲੀਪੀਂਸ) 14,800 ਲੋਕਾਂ ਦੇ ਨਾਲ ਚੌਥੇ ਸਥਾਨ 'ਤੇ ਰਿਹਾ। ਮੋਰੱਕੋ ਦਾ ਕਾਸਾਬਲਾਂਕਾ ਪ੍ਰਤੀ ਵਰਗ ਕਿਲੋਮੀਟਰ 14,200 ਲੋਕਾਂ ਦੇ ਨਾਲ 5ਵੇਂ, ਨਾਈਜੀਰੀਆ ਦਾ ਲਾਗੋਸ 13,300 ਲੋਕਾਂ ਦੇ ਨਾਲ ਛੇਵੇਂ ਸਥਾਨ, ਸਿੰਗਾਪੁਰ 10,200 ਲੋਕਾਂ ਦੇ ਨਾਲ 8ਵੇਂ ਅਤੇ ਇੰਡੋਨੇਸ਼ੀਆ ਦਾ ਜਕਾਰਤਾ ਸ਼ਹਿਰ ਪ੍ਰਤੀ ਵਰਗ ਕਿਲੋਮੀਟਰ 9,600 ਲੋਕਾਂ ਦਾ ਨਿਵਾਸ ਸਥਾਨ ਹੋਣ ਨਾਲ 9ਵੇਂ ਨੰਬਰ 'ਤੇ ਰਿਹਾ ।  
ਡਬਲਯੂ. ਈ. ਐੱਫ. ਦਾ ਕਹਿਣਾ ਹੈ, ''ਇਸ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ ਕਿ ਵੱਡੀ ਗਿਣਤੀ 'ਚ ਲੋਕ ਸ਼ਹਿਰੀ ਖੇਤਰਾਂ 'ਚ ਕਿਉਂ ਰਹਿ ਰਹੇ ਹਨ ਪਰ ਜ਼ਿਆਦਾਤਰ ਮਾਮਲਿਆਂ 'ਚ ਇਹ ਆਮ ਜਿਹੀ ਸੱਚਾਈ ਹੈ ਕਿ ਸ਼ਹਿਰਾਂ 'ਚ ਹੀ ਕੰਮ ਹੈ।'' ਦੁਨੀਆ ਦੀ ਅੱਧੇ ਤੋਂ ਜ਼ਿਆਦਾ ਆਬਾਦੀ ਇਸ ਸਮੇਂ ਸ਼ਹਿਰੀ ਖੇਤਰਾਂ 'ਚ ਰਹਿ ਰਹੀ ਹੈ ਅਤੇ ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ 2050 ਤੱਕ ਇਹ ਅਨੁਪਾਤ ਵਧ ਕੇ 66 ਫ਼ੀਸਦੀ ਹੋ ਜਾਵੇਗਾ, ਜਿਸ 'ਚੋਂ ਏਸ਼ੀਆ ਅਤੇ ਅਫਰੀਕਾ 'ਚ ਹੀ 90 ਫ਼ੀਸਦੀ ਤੱਕ ਹੋਵੇਗੀ।


Related News