ਜ਼ਿਆਦਾਤਰ ਮੋਬਾਈਲ ਯੂਜ਼ਰਜ਼ ਨੂੰ ਰੋਜ਼ਾਨਾ ਆਉਂਦੀਆਂ ਨੇ ਅਣਚਾਹੀਆਂ ਕਾਲਾਂ
Monday, Sep 02, 2024 - 10:42 AM (IST)
ਨਵੀਂ ਦਿੱਲੀ (ਭਾਸ਼ਾ) - ਜ਼ਿਆਦਾਤਰ ਮੋਬਾਈਲ ਗਾਹਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਦਿਨ ਪ੍ਰੇਸ਼ਾਨ ਕਰਨ ਵਾਲੀਆਂ ਕਾਲਾਂ ਆਉਂਦੀਆਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਵਿੱਤੀ ਸੇਵਾਵਾਂ ਅਤੇ ਰੀਅਲ ਅਸਟੇਟ ਨਾਲ ਸਬੰਧਤ ਹੁੰਦੀਆਂ ਹਨ।
ਆਨਲਾਈਨ ਸਰਵੇ ਫਰਮ ਲੋਕਲਸਰਕਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਦੇ ਸਰਵੇ ਅਨੁਸਾਰ 95 ਫੀਸਦੀ ਮੋਬਾਈਲ ਗਾਹਕਾਂ ਨੇ ਹਰ ਦਿਨ ਪ੍ਰੇਸ਼ਾਨ ਕਰਨ ਵਾਲੀਆਂ ਕਾਲਾਂ ਆਉਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ’ਚੋਂ 77 ਫੀਸਦੀ ਨੂੰ ਰੋਜ਼ਾਨਾ 3 ਜਾਂ ਇਸ ਤੋਂ ਜ਼ਿਆਦਾ ਅਜਿਹੀਆਂ ਕਾਲਾਂ ਆਉਂਦੀਆਂ ਹਨ।
ਸਰਵੇ ’ਚ ਭਾਗ ਲੈਣ ਵਾਲੇ ਜ਼ਿਆਦਾਤਰ ਲੋਕਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਟਰਾਈ ਦੀ ਡੂ ਨਾਟ ਡਿਸਟਰਬ (ਡੀ. ਐੱਨ. ਡੀ.) ਸੂਚੀ ’ਚ ਰਜਿਸਟ੍ਰੇਸ਼ਨ ਕਰਵਾਈ ਹੈ, ਇਸ ਦੇ ਬਾਵਜੂਦ ਪਿਛਲੇ 12 ਮਹੀਨਿਆਂ ’ਚ ਉਨ੍ਹਾਂ ਨੂੰ ਅਜਿਹੀਆਂ ਕਾਲਾਂ ਆਈਆਂ ਹਨ।