ਮਾਰਚ ਤੱਕ ਬੰਦ ਹੋ ਜਾਣਗੇ ਜ਼ਿਆਦਾਤਰ ਮੋਬਾਇਲ ਵਾਲੇਟਸ!

01/08/2019 10:11:38 PM

ਬੇਂਗਲੁਰੂ-ਦੇਸ਼ 'ਚ ਜ਼ਿਆਦਾਤਰ ਮੋਬਾਇਲ ਵਾਲੇਟਸ ਮਾਰਚ ਤੱਕ ਬੰਦ ਹੋ ਜਾਣਗੇ। ਇਹ ਡਰ ਪੇਮੈਂਟਸ ਇੰਡਸਟਰੀ ਦੇ ਐਗਜ਼ੀਕਿਊਟਿਵਸ ਨੇ ਪ੍ਰਗਟਾਇਆ ਹੈ। ਉਨ੍ਹਾਂ ਨੂੰ ਡਰ ਹੈ ਕਿ ਸਾਰੇ ਕਸਟਮਰਸ ਦਾ ਵੈਰੀਫਿਕੇਸ਼ਨ ਫਰਵਰੀ 2019 ਤੱਕ ਪੂਰਾ ਨਹੀਂ ਹੋ ਸਕੇਗਾ। ਆਰ. ਬੀ. ਆਈ. ਨੇ ਵੈਰੀਫਿਕੇਸ਼ਨ ਲਈ ਇਹੀ ਡੈੱਡਲਾਈਨ ਤੈਅ ਕੀਤੀ ਹੈ। ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ ਯਾਨੀ ਮੋਬਾਇਲ ਵਾਲੇਟਸ ਨੂੰ ਆਰ. ਬੀ. ਆਈ. ਨੇ ਅਕਤੂਬਰ 2017 'ਚ ਨਿਰਦੇਸ਼ ਦਿੱਤਾ ਸੀ ਕਿ ਉਹ 'ਨੋ ਯੂਅਰ ਕਸਟਮਰ (ਕੇ. ਵਾਈ. ਸੀ.) ਗਾਈਡਲਾਈਨਸ ਤਹਿਤ ਲੋੜੀਂਦੀ ਪੂਰੀ ਜਾਣਕਾਰੀ ਜੁਟਾਉਣ।

ਇੰਡਸਟਰੀ ਦੇ ਐਗਜ਼ੀਕਿਊਟਿਵਸ ਨੇ ਦੱਸਿਆ ਕਿ ਕੰਪਨੀਆਂ ਹੁਣ ਤੱਕ ਆਪਣੇ ਕੁਲ ਗਾਹਕ ਆਧਾਰ (ਟੋਟਲ ਯੂਜ਼ਰ ਬੇਸ) ਦੇ ਮਾਮੂਲੀ ਹਿੱਸੇ ਦੀ ਜਾਣਕਾਰੀ ਹੀ ਜੁਟਾ ਸਕੀਆਂ ਹਨ ਅਤੇ ਅਜੇ ਉਨ੍ਹਾਂ ਨੇ ਜ਼ਿਆਦਾਤਰ ਗਾਹਕਾਂ ਦੀ ਬਾਇਓਮੈਟ੍ਰਿਕ ਜਾਂ ਫਿਜ਼ੀਕਲ ਵੈਰੀਫਿਕੇਸ਼ਨ ਨਹੀਂ ਕੀਤੀ ਹੈ। ਨਵੀਂ ਦਿੱਲੀ ਦੀ ਇਕ ਪੇਮੈਂਟਸ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੇਸ਼ 'ਚ 95 ਫ਼ੀਸਦੀ ਤੋਂ ਜ਼ਿਆਦਾ ਮੋਬਾਇਲ ਵਾਲੇਟਸ ਮਾਰਚ ਤੱਕ ਬੰਦ ਹੋ ਸਕਦੇ ਹਨ। ਆਧਾਰ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਰ. ਬੀ. ਆਈ. ਨੇ ਗਾਈਡਲਾਈਨਸ ਜਾਰੀ ਕੀਤੀਆਂ ਸਨ। ਕੋਰਟ ਨੇ ਫੈਸਲੇ 'ਚ ਕਿਹਾ ਸੀ ਕਿ ਪ੍ਰਾਈਵੇਟ ਕੰਪਨੀਆਂ ਗਾਹਕਾਂ ਦੀ ਪੇਪਰਲੈੱਸ ਵੈਰੀਫਿਕੇਸ਼ਨ ਲਈ ਆਧਾਰ ਡਾਟਾਬੇਸ ਦੀ ਵਰਤੋਂ ਨਹੀਂ ਕਰ ਸਕਦੀਆਂ ਹਨ। ਇਕ ਸੀਨੀਅਰ ਪੇਮੈਂਟ ਐਗਜ਼ੀਕਿਊਟਿਵ ਨੇ ਕਿਹਾ ਕਿ ਆਰ. ਬੀ. ਆਈ. ਨੇ ਕੇ. ਵਾਈ. ਸੀ. ਦੇ ਦੂਜੇ ਤਰੀਕਿਆਂ ਬਾਰੇ ਸਪੱਸ਼ਟ ਤੌਰ 'ਤੇ ਕੁਝ ਵੀ ਨਹੀਂ ਕਿਹਾ ਹੈ। ਡੈੱਡਲਾਈਨ ਕੁਝ ਹਫਤੇ ਦੂਰ ਹੈ। ਕੰਮ ਦੀ ਜਿਸ ਤਰ੍ਹਾਂ ਦੀ ਰਫਤਾਰ ਹੈ ਉਸ ਨੂੰ ਵੇਖਦਿਆਂ ਤਾਂ ਅਸੀਂ ਡੈੱਡਲਾਈਨ 'ਤੇ ਇਸ ਨੂੰ ਖਤਮ ਨਹੀਂ ਕਰ ਸਕਦੇ ਹਾਂ। ਇੰਡਸਟਰੀ ਦੇ ਇਕ ਸੀਨੀਅਰ ਐਗਜ਼ੀਕਿਊਟਿਵ ਨੇ ਕਿਹਾ ਕਿ ਕਾਫ਼ੀ ਵਾਲੇਟਸ ਦੀ ਵਰਤੋਂ ਰੈਮੀਟੈਂਸ ਲਈ ਕੀਤੀ ਜਾ ਰਹੀ ਸੀ। ਰੈਗੂਲੇਟਰੀ ਪਾਬੰਦੀਆਂ ਦੇ ਕਾਰਨ ਉਹ ਵੈਸੇ ਵੀ ਬਿਜ਼ਨੈੱਸ ਕਾਰਸਪੋਂਡੈਂਟ ਚੈਨਲ 'ਚ ਚਲੇ ਗਏ ਹਨ। ਮੌਜੂਦਾ ਹਾਲਾਤ ਦਾ ਸਿੱਧਾ ਅਸਰ ਸਿਰਫ ਸਟੈਂਡਅਲੋਨ ਵਾਲੇਟਸ 'ਤੇ ਪਵੇਗਾ।


Related News